ਜਲੰਧਰ ਗ੍ਰਨੇਡ ਹਮਲੇ ਤੋਂ ਬਾਅਦ, ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਸੋਸ਼ਲ ਮੀਡੀਆ ਅਕਾਊਂਟ ਭਾਰਤ ‘ਚ ਬੈਨ

ਨੈਸ਼ਨਲ ਟਾਈਮਜ਼ ਬਿਊਰੋ। :- ਜਲੰਧਰ ਵਿੱਚ ਐਤਵਾਰ ਨੂੰ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਭਾਰਤ ‘ਚ ਬੈਨ ਕਰਵਾ ਦਿੱਤਾ ਹੈ। ਸ਼ਹਿਜ਼ਾਦ ਭੱਟੀ ਲੰਬੇ ਸਮੇਂ ਤੋਂ ਆਪਣੇ ਸੋਸ਼ਲ ਮੀਡੀਆ ‘ਤੇ ਧਮਕੀ ਭਰੀਆਂ ਪੋਸਟਾਂ ਪਾਉਂਦਾ ਆ ਰਿਹਾ ਸੀ। ਹਮਲੇ ਤੋਂ ਬਾਅਦ, ਉਸ ਨੇ ਇੱਕ ਵੀਡੀਓ ਜਾਰੀ ਕਰਕੇ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਵੀ ਲਈ, ਜਿਸ ਵਿਚ ਉਸ ਨੇ ਦੱਸਿਆ ਕਿ ਇਹ ਹਮਲਾ ਕਿਉਂ ਕੀਤਾ ਗਿਆ।

ਭੱਟੀ ਨੇ ਦਾਅਵਾ ਕੀਤਾ ਕਿ ਜਲੰਧਰ ਦੇ ਰਾਏਪੁਰ ਰਸੂਲਪੁਰ ‘ਚ ਉਸ ਵਿਅਕਤੀ ਦੇ ਘਰ ‘ਤੇ ਹਮਲਾ ਕੀਤਾ ਗਿਆ, ਜਿਸ ਨੇ ਮੁਸਲਿਮ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਇਸ ਹਮਲੇ ਵਿਚ ਉਸ ਨੂੰ ਪਾਕਿਸਤਾਨੀ ਗੈਂਗਸਟਰ ਜ਼ੀਸ਼ਾਨ ਅਖਤਰ ਨੇ ਸਹਾਇਤਾ ਦਿੱਤੀ, ਜੋ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਦੋਸ਼ੀ ਹੋਣ ਦੇ ਬਾਵਜੂਦ ਪੁਲਿਸ ਹਿਰਾਸਤ ਤੋਂ ਫਰਾਰ ਹੈ। ਵੀਡੀਓ ‘ਚ ਭੱਟੀ ਨੇ ਧਮਕੀ ਦਿੱਤੀ ਕਿ ਜੇਕਰ ਪੁਲਿਸ ਨੇ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਨਾ ਕੀਤਾ, ਜੋ ਇਸਲਾਮ ਅਤੇ ਨਬੀਆਂ ਬਾਰੇ ਗਲਤ ਸ਼ਬਦ ਵਰਤਦੇ ਹਨ, ਤਾਂ ਹਮਲੇ ਜਾਰੀ ਰਹਿਣਗੇ।

ਜਲੰਧਰ ਵਿੱਚ ਗ੍ਰਨੇਡ ਸੁੱਟਣ ਵਾਲੇ ਵਿਅਕਤੀ ਦਾ ਪੁਲਿਸ ਨਾਲ ਮੁਕਾਬਲਾ ਵੀ ਹੋਇਆ, ਜਿਸ ‘ਚ ਉਹ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਐਸ.ਪੀ. ਦਿਹਾਤੀ ਗੁਰਮੀਤ ਸਿੰਘ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਜਲਦੀ ਹੋਰ ਵੱਡੇ ਖੁਲਾਸੇ ਹੋਣਗੇ।

ਇਸ ਮਾਮਲੇ ਨੇ ਰਾਜਨੀਤਿਕ ਮੋੜ ਵੀ ਲੈ ਲਿਆ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਇਸ ਮੁੱਦੇ ‘ਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭੱਟੀ ਵੱਲੋਂ ਹਮਲੇ ਦੀ ਜ਼ਿੰਮੇਵਾਰੀ ਲੈਣਾ ਪਾਕਿਸਤਾਨ ਦੀ ਸਾਜ਼ਿਸ਼ ਨੂੰ ਸਾਬਤ ਕਰਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭੱਟੀ ਦੇ ਲਾਰੈਂਸ ਬਿਸ਼ਨੋਈ ਨਾਲ ਸੰਬੰਧ ਹਨ, ਜਿਸ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ‘ਚ ਰੱਖ ਕੇ ਭਾਜਪਾ ਨੇ ਆਪਣਾ ਜਵਾਈ ਬਣਾਇਆ ਹੋਇਆ ਹੈ।

ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਹੁਣ ਭੱਟੀ ਅਤੇ ਉਸ ਦੇ ਸਾਥੀਆਂ ਦੀ ਗਤੀਵਿਧੀ ‘ਤੇ ਨਿਗਰਾਨੀ ਵਧਾ ਰਹੀਆਂ ਹਨ।

By Gurpreet Singh

Leave a Reply

Your email address will not be published. Required fields are marked *