ਨੈਸ਼ਨਲ ਟਾਈਮਜ਼ ਬਿਊਰੋ, ਅਲਬਰਟਾ (ਰਜੀਵ ਸ਼ਰਮਾ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਉਣ ਵਾਲੇ ਐਤਵਾਰ ਨੂੰ ਗਵਰਨਰ ਜਨਰਲ ਕੋਲ ਜਾ ਕੇ ਸੰਸਦ ਨੂੰ ਭੰਗ ਕਰਨ ਅਤੇ ਸੰਘੀ ਚੋਣਾਂ ਦੀ ਘੋਸ਼ਣਾ ਕਰਨ ਦੀ ਅਰਜ਼ੀ ਪੇਸ਼ ਕਰਨਗੇ। ਇਹ ਜਾਣਕਾਰੀ ਰੇਡੀਓ-ਕੈਨੇਡਾ ਵੱਲੋਂ ਮਿਲੀ ਹੈ।
ਇਹ ਚੋਣ ਮੁਹਿੰਮ ਉਸਦੇ ਕੇਵਲ ਇੱਕ ਹਫ਼ਤੇ ਬਾਅਦ ਸ਼ੁਰੂ ਹੋਵੇਗੀ ਜਦ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਹਲਫ਼ ਉਠਾਈ ਅਤੇ ਆਪਣਾ ਕੈਬਿਨੇਟ ਨਿਯੁਕਤ ਕੀਤਾ। ਕਾਰਨੀ ਐਤਵਾਰ ਨੂੰ ਰਿਡੋ ਹਾਲ ਵਿਖੇ ਜਾ ਕੇ ਗਵਰਨਰ ਜਨਰਲ ਮੇਰੀ ਸਾਈਮਨ ਨਾਲ ਮੁਲਾਕਾਤ ਕਰਨਗੇ। ਇਹ ਘਟਨਾ ਸੰਸਦ ਦੁਬਾਰਾ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਹੋਣੀ ਹੈ, ਕਿਉਂਕਿ 6 ਜਨਵਰੀ ਨੂੰ ਸੰਸਦ ਮੁਅੱਤਲ ਕਰ ਦਿੱਤੀ ਗਈ ਸੀ।ਚੋਣ ਮੁਹਿੰਮ 36 ਤੋਂ 50 ਦਿਨਾਂ ਤਕ ਚੱਲਣ ਦੀ ਉਮੀਦ ਹੈ। ਹਾਲਾਂਕਿ ਉਮੀਦਵਾਰਾਂ ਲਈ ਵੋਟਿੰਗ ਦੀ ਤਾਰੀਖ ਹਾਲੇ ਪੱਕੀ ਨਹੀਂ ਹੋਈ, ਪਰ ਸੰਭਾਵਨਾ ਹੈ ਕਿ ਲੋਕ 28 ਅਪਰੈਲ ਜਾਂ 5 ਮਈ ਨੂੰ ਆਪਣੇ ਵੋਟ ਪਾਉਣਗੇ।
ਇਹ ਫੈਸਲਾ ਉਨ੍ਹਾਂ ਜਨਤਕ ਰਾਏਸੂਚੀਆਂ ਦੇ ਦਬਾਅ ਹੇਠ ਲਿਆ ਜਾ ਰਿਹਾ ਹੈ, ਜਿਨ੍ਹਾਂ ਮੁਤਾਬਕ ਲਿਬਰਲ ਪਾਰਟੀ ਹਾਲਾਂਕਿ ਥੋੜੀ ਲੀਡ ‘ਚ ਹੈ, ਪਰ ਚੋਣੀ ਮੁਕਾਬਲਾ ਕਰੀਬ-ਕਰੀਬ ਬਰਾਬਰ ਦਾ ਹੀ ਦੱਸਿਆ ਜਾ ਰਿਹਾ ਹੈ।