ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਦੇ ਸ਼ਾਹੀਨ ਬਾਗ, ਜਾਮੀਆ ਨਗਰ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਕਫ ਸੋਧ ਬਿੱਲ ਨੂੰ ਲੈ ਕੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਸੰਸਦ ਵਿੱਚ ਇਹ ਨਵਾਂ ਬਿੱਲ ਪਾਸ ਹੋਇਆ, ਜਿਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਹਲਚਲ ਜਾਂ ਹਿੰਸਕ ਪ੍ਰਦਰਸ਼ਨ ਨੂੰ ਰੋਕਣ ਲਈ ਪੁਲੀਸ ਹਾਈ ਅਲਰਟ ’ਤੇ ਹੈ। ਇਹ ਕਾਨੂੰਨ ਮੁਲਕ ਦੀਆਂ ਵਕਫ ਸੰਪਤੀਆਂ ਦੇ ਪ੍ਰਸ਼ਾਸਨ ਵਿੱਚ ਬਦਲਾਅ ਲਿਆਉਣ ਲਈ ਲਿਆਂਦਾ ਗਿਆ ਹੈ।
ਦਿੱਲੀ ਦੇ ਕਈ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਦੀ ਨਮਾਜ ਤੋਂ ਪਹਿਲਾਂ ਸਖ਼ਤ ਸੁਰੱਖਿਆ ਕੀਤੀ ਗਈ। ਖਾਸ ਕਰਕੇ ਸ਼ਾਹੀਨ ਬਾਗ, ਜਾਮੀਆ, ਓਖਲਾ, ਸੀਲਮਪੁਰ ਅਤੇ ਜਾਫਰਾਬਾਦ ਵਰਗੇ ਇਲਾਕਿਆਂ ਵਿੱਚ ਕੇਂਦਰੀ ਹਥਿਆਰਬੰਦ ਬਲਾਂ ਦੀ ਤਾਇਨਾਤੀ ਹੋਈ। ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਵੀ ਸੁਰੱਖਿਆ ਬਹੁਤ ਵਧਾ ਦਿੱਤੀ ਗਈ ਹੈ।
ਪੁਲਸ ਨੇ ਛੱਤਾਂ, ਲੇਨਾਂ ਅਤੇ ਭੀੜ ਵਾਲਿਆਂ ਖੇਤਰਾਂ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਅਤੇ ਡਰੋਨ ਤਾਇਨਾਤ ਕੀਤੇ ਹਨ। ਖ਼ੁਫ਼ੀਆ ਸੂਚਨਾਵਾਂ ਦੇ ਆਧਾਰ ‘ਤੇ 100 ਤੋਂ ਵੱਧ ਮਹਿਲਾ ਪੁਲੀਸ ਅਧਿਕਾਰੀਆਂ ਨੂੰ ਸੰਭਾਵੀ ਔਰਤ ਪ੍ਰਦਰਸ਼ਨਕਾਰੀਆਂ ਨੂੰ ਨਿਯੰਤਰਿਤ ਕਰਨ ਲਈ ਵਿਸ਼ੇਸ਼ ਇਲਾਕਿਆਂ ਵਿੱਚ ਤਾਇਨਾਤ ਕੀਤਾ ਗਿਆ। ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਰਾਤ ਦੀ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਸਾਰੇ ਸੰਵੇਦਨਸ਼ੀਲ ਖੇਤਰਾਂ ਵਿੱਚ ਵਾਧੂ ਤਾਇਨਾਤੀ ਦੇ ਨਾਲ ਪੁਲੀਸ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ।
