ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਵਿੱਚ ਸੀਐਨਜੀ ਦੀਆਂ ਕੀਮਤਾਂ ਇੱਕ ਵਾਰ ਫਿਰ ਵੱਧ ਗਈਆਂ ਹਨ, ਜਿਸ ਕਾਰਨ ਰਾਜਧਾਨੀ ਵਿੱਚ ਵਾਹਨ ਚਲਾਉਣ ਵਾਲਿਆਂ ਲਈ ਸਫ਼ਰ ਮਹਿੰਗਾ ਹੋ ਸਕਦਾ ਹੈ। ਹੁਣ ਸੀਐਨਜੀ ਦੀ ਕੀਮਤ 76.09 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ, ਜੋ ਕਿ ਪਹਿਲਾਂ ਨਾਲੋਂ 1 ਰੁਪਏ ਵੱਧ ਹੈ। ਇਹ ਵਾਧਾ ਸਰਕਾਰ ਵੱਲੋਂ ਐਪੀਐਮ ਗੈਸ ਦੀ ਕੀਮਤ ’ਚ 4 ਫੀਸਦੀ ਵਾਧਾ ਕਰਨ ਕਰਕੇ ਹੋਇਆ ਹੈ।
ਕੀਮਤਾਂ ਵਿੱਚ ਵਾਧਾ ਪ੍ਰਸ਼ਾਸਕੀ ਮੁੱਲ ਪ੍ਰਣਾਲੀ ਅਧੀਨ ਉਤਪਾਦਿਤ ਕੁਦਰਤੀ ਗੈਸ ਦੀ ਕੀਮਤ ਵੱਧਣ ਕਰਕੇ ਹੋਇਆ ਹੈ। ਲਗਭਗ ਦੋ ਸਾਲਾਂ ਬਾਅਦ ਇਹ ਵਾਧਾ ਕੀਤਾ ਗਿਆ ਹੈ, ਜੋ ਸੀਐਨਜੀ ਦੀਆਂ ਕੀਮਤਾਂ ’ਤੇ ਸਿੱਧਾ ਅਸਰ ਪਾ ਰਿਹਾ ਹੈ। ਇਸ ਤੋਂ ਪਹਿਲਾਂ ਅਪਰੈਲ 2023 ਵਿੱਚ ਵੀ ਐਪੀਐਮ ਗੈਸ ਦੇ ਭਾਅ ਵਧਾਏ ਗਏ ਸਨ।
ਦਿੱਲੀ ਦੇ ਵਾਹਨ ਚਲਾਕ ਹੁਣ ਘਰ ਬੈਠੇ ਹਰ ਰੋਜ਼ ਸਵੇਰੇ 6 ਵਜੇ ਨਵੀਆਂ ਸੀਐਨਜੀ ਦੀਆਂ ਕੀਮਤਾਂ ਜਾਣ ਸਕਦੇ ਹਨ। ਆਫੀਸ਼ੀਅਲ ਨੰਬਰ ’ਤੇ ਐਸਐਮਐਸ ਭੇਜ ਕੇ ਵੀ ਦਿਨ ਦੀ ਤਾਜ਼ਾ ਕੀਮਤ ਮਿਲ ਸਕਦੀ ਹੈ। ਵਧੀਆਂ ਕੀਮਤਾਂ ਨਾਲ ਦਿੱਲੀ ਦੇ ਆਮ ਲੋਕਾਂ ’ਤੇ ਮਹਿੰਗਾਈ ਦਾ ਹੋਰ ਬੋਝ ਪੈ ਸਕਦਾ ਹੈ, ਖ਼ਾਸ ਕਰਕੇ ਉਹਨਾਂ ਪਰਿਵਾਰਾਂ ’ਤੇ ਜੋ ਦਿਨਚਰਚਾ ਵਿੱਚ ਵਾਹਨਾਂ ਦੀ ਵਰਤੋਂ ਕਰਦੇ ਹਨ। ਇਹ ਵਾਧਾ ਲੋਕਾਂ ਦੀ ਜੇਬ ਨੂੰ ਝਟਕਾ ਦੇ ਸਕਦਾ ਹੈ, ਜਦਕਿ ਰਾਜਧਾਨੀ ਵਿੱਚ ਮਹਿੰਗਾਈ ਤੋਂ ਰਾਹਤ ਦੀ ਉਮੀਦ ਹੁਣ ਘੱਟ ਨਜ਼ਰ ਆ ਰਹੀ ਹੈ।
