ਸ਼੍ਰੋਮਣੀ ਅਕਾਲੀ ਦਲ ਨੂੰ ਵਿਸਾਖੀ ਤੋਂ ਪਹਿਲਾਂ ਮਿਲ ਸਕਦਾ ਹੈ ਨਵਾਂ ਪ੍ਰਧਾਨ

ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੋਮਣੀ ਅਕਾਲੀ ਦਲ ‘ਚ ਇੱਕ ਵਾਰ ਫਿਰ ਵੱਡੇ ਫੇਰਬਦਲ ਦੇ ਸੰਕੇਤ ਮਿਲ ਰਹੇ ਹਨ। ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਭਰਤੀ ਮੁਹਿੰਮ ਨੂੰ ਸੂਬੇ ਭਰ ‘ਚ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਮੀਦ ਤੋਂ ਵੱਧ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੇ ਹਨ।

ਡਾ. ਚੀਮਾ ਹਲਕਾ ਆਨੰਦਪੁਰ ਸਾਹਿਬ ਦੇ ਨਵੇਂ ਚੁਣੇ ਡੈਲੀਗੇਟਾਂ ਦੇ ਸਨਮਾਨ ਸਮਾਰੋਹ ਦੌਰਾਨ ਪਹੁੰਚੇ ਹੋਏ ਸਨ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਦੀ ਕਾਰਜਕਾਰਨੀ ਮੀਟਿੰਗ 8 ਅਪ੍ਰੈਲ ਨੂੰ ਹੋਵੇਗੀ, ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਤਰੀਕ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਅਸਾ ਵਿਅਕਤ ਕੀਤੀ ਕਿ ਵਿਸਾਖੀ ਤੋਂ ਪਹਿਲਾਂ ਨਵਾਂ ਪ੍ਰਧਾਨ ਚੁਣਿਆ ਜਾਵੇਗਾ।

ਡਾ. ਚੀਮਾ ਨੇ ਦੱਸਿਆ ਕਿ ਪਾਰਟੀ ਵੱਲੋਂ ਅਕਾਲ ਤਖ਼ਤ ਦੇ ਹੁਕਮਾਂ ਅਤੇ ਆਪਣੇ ਵਿਧੀ-ਵਿਧਾਨ ਅਨੁਸਾਰ ਮੈਂਬਰਸ਼ਿਪ ਦਿਤੀ ਗਈ, ਪਰ ਰਾਜਨੀਤਿਕ ਵਿਰੋਧੀ ਦਿੱਲੀ ਦੇ ਇਸ਼ਾਰੇ ‘ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਘੱਟ ਗਿਣਤੀਆਂ ਖਿਲਾਫ ਰਵੱਈਏ ਦੇ ਵਿਰੋਧ ‘ਚ ਨਾ ਤਾਂ ਸੁਧਾਰ ਲਹਿਰ ਆਈ ਅਤੇ ਨਾ ਹੀ ਆਮ ਆਦਮੀ ਪਾਰਟੀ ਨੇ ਅਵਾਜ਼ ਉਠਾਈ, ਜੋ ਇਹ ਸਾਬਤ ਕਰਦਾ ਹੈ ਕਿ ਇਹ ਦੋਹਾਂ ਪਾਰਟੀਆਂ ਕੇਂਦਰ ਦੇ ਇਸ਼ਾਰੇ ‘ਤੇ ਕੰਮ ਕਰ ਰਹੀਆਂ ਹਨ। ਇਸ ਮੌਕੇ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਰੂਪਨਗਰ ਜ਼ਿਲ੍ਹਾ ਮੈਂਬਰਸ਼ਿਪ ਭਰਤੀ ਆਬਜ਼ਰਵਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤਰਿੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਅਤੇ ਸੀਨੀਅਰ ਆਗੂ ਸੰਦੀਪ ਸਿੰਘ ਕਲੋਤਾ ਨੇ ਵੀ ਵਰਕਰਾਂ ਨੂੰ ਸੰਬੋਧਨ ਕੀਤਾ। ਸਮਾਰੋਹ ਦੌਰਾਨ ਨਵੇਂ ਡੈਲੀਗੇਟਾਂ ਦਾ ਸਨਮਾਨ ਕੀਤਾ ਗਿਆ ਅਤੇ ਵਰਕਰਾਂ ਦੀ ਵੱਡੀ ਗਿਣਤੀ ਹਾਜ਼ਰ ਰਹੀ।

By Gurpreet Singh

Leave a Reply

Your email address will not be published. Required fields are marked *