ਨੈਸ਼ਨਲ ਟਾਈਮਜ਼ ਬਿਊਰੋ :- ਜਲੰਧਰ ਪੁਲਸ ਨੇ ਸੋਸ਼ਲ ਮੀਡੀਆ ਇੰਫਲੂਐਂਸਰ ਰੋਜਰ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਮਾਮਲੇ ਵਿੱਚ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕਰਦਿਆਂ ਕਰਨਾਲ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਹੋਰ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਹਿਚਾਣ ਕਰਨ ਉਰਫ਼ ਕੈਪਟਨ ਸਮਾਣਾ ਵਜੋਂ ਹੋਈ ਹੈ, ਜਿਸ ਨੂੰ ਕਰਨਾਲ ਦੇ ਪਿੰਡ ਸਮਾਣਾ ਭਾਊ ਤੋਂ ਪੁਲਿਸ ਨੇ ਕਾਬੂ ਕੀਤਾ।
ਜਾਂਚ ਦੌਰਾਨ ਇਹ ਗੰਭੀਰ ਖੁਲਾਸਾ ਸਾਹਮਣੇ ਆਇਆ ਹੈ ਕਿ ਗ੍ਰਨੇਡ ਹਮਲੇ ਦੀ ਪੂਰੀ ਸਾਜ਼ਿਸ਼ ਅਮਰੀਕਾ ਤੋਂ ਰਚੀ ਗਈ ਸੀ, ਜਿਸ ਦੇ ਪਿੱਛੇ ਲਾਰੈਂਸ ਬਿਸ਼ਨੋਈ ਦਾ ਕਰੀਬੀ ਗੈਂਗਸਟਰ ਭਾਨੂ ਰਾਣਾ ਸੀ। ਪੁਲਿਸ ਦੇ ਅਨੁਸਾਰ, ਕਰਨ ਨੇ ਫਗਵਾੜਾ ਵਿਖੇ ਗ੍ਰਿਫ਼ਤਾਰ ਹੋਏ ਮੁਲਜ਼ਮ ਸੁਖਪ੍ਰੀਤ ਸਿੰਘ ਨੂੰ ਗ੍ਰਨੇਡ ਦਿੱਤਾ ਸੀ। ਇਹ ਗ੍ਰਨੇਡ ਉਸਨੂੰ ਗੁਰਦਾਸਪੁਰ ਇਲਾਕੇ ਵਿੱਚ ਕਿਸੇ ਅਣਪਛਾਤੇ ਵਿਅਕਤੀ ਵਲੋਂ ਦਿੱਤਾ ਗਿਆ ਸੀ। ਪੁਲਸ ਨੂੰ ਸ਼ੱਕ ਹੈ ਕਿ ਗ੍ਰਨੇਡਾਂ ਦੀ ਇਹ ਖੇਪ ਸਰਹੱਦ ਪਾਰ ਤੋਂ ਆਈ ਸੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਵਧੇਰੇ ਜਾਂਚ ਤੇਜ਼ ਕਰ ਦਿੱਤੀ ਹੈ।
ਕਰਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਉਸਦੇ ਸੋਸ਼ਲ ਮੀਡੀਆ ਅਕਾਊਂਟ ਦੀ ਫੋਰੈਂਸਿਕ ਜਾਂਚ ਕੀਤੀ, ਜਿਸ ‘ਚ ਇਹ ਪਤਾ ਲੱਗਾ ਕਿ ਉਹ ਭਾਨੂ ਰਾਣਾ ਨਾਲ ਸੰਪਰਕ ‘ਚ ਸੀ। ਇਹ ਵੀ ਸਾਹਮਣੇ ਆਇਆ ਕਿ ਕਰੀਬ 15 ਦਿਨਾਂ ਦੀ ਜਾਂਚ ਮਗਰੋਂ ਕਰੀਬੀ ਟੋਪੀ ਪਹਿਨੇ ਵਿਅਕਤੀ ਦੀ ਪਹਿਚਾਣ ਵੀ ਕਰਨ ਉਰਫ਼ ਕੈਪਟਨ ਵਜੋਂ ਹੋਈ।
ਜਾਣਕਾਰੀ ਅਨੁਸਾਰ, ਕਰਨ ਉੱਤੇ ਪਹਿਲਾਂ ਤੋਂ ਲਗਭਗ ਚਾਰ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਸਦੀ ਆਵਾਜਾਈ ਜ਼ਿਆਦਾਤਰ ਦਿੱਲੀ ਵਿੱਚ ਰਹੀ ਹੈ। ਪੁਲਿਸ ਹੁਣ ਕਰਨ ਨੂੰ ਰਿਮਾਂਡ ‘ਤੇ ਲੈ ਕੇ ਡੀਟੇਲ ਪੁੱਛਗਿੱਛ ਕਰ ਰਹੀ ਹੈ, ਜਿਸ ਦੀ ਨਿਗਰਾਨੀ ਡੀ.ਆਈ.ਜੀ. ਨਵੀਨ ਸਿੰਗਲਾ ਕਰ ਰਹੇ ਹਨ। ਪੁਲਿਸ ਨੂੰ ਲੱਗਦਾ ਹੈ ਕਿ ਕਰਨ ਨੇ ਗ੍ਰਨੇਡ ਸਿਰਫ਼ ਇੱਕ ਨਹੀਂ, ਸਗੋਂ ਇੱਕ ਤੋਂ ਵੱਧ ਵਾਰ ਦਿੱਤੇ ਹੋਣ ਅਤੇ ਉਹ ਅਜੇ ਵੀ ਕਈ ਅਹਿਮ ਗੱਲਾਂ ਲੁਕਾ ਰਿਹਾ ਹੈ।
