ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ਼ ਨੀਤੀ ਦੇ ਐਲਾਨ ਤੋਂ ਬਾਅਦ ਦੁਨੀਆ ਭਰ ਦੀਆਂ ਸ਼ੇਅਰ ਮਾਰਕੀਟਾਂ ਵਿੱਚ ਭਾਰੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਗਲੋਬਲ ਮੰਡੀ ‘ਚ ਛਾਈ ਉਲਝਣ ਦੇ ਮਾਹੌਲ ਨੇ ਨਿਵੇਸ਼ਕਾਂ ਵਿੱਚ ਚਿੰਤਾ ਵਧਾ ਦਿੱਤੀ ਹੈ। ਭਾਰਤ ਦੀ ਮਾਰਕੀਟ ‘ਚ ਵੀ ਇਸਦਾ ਗੰਭੀਰ ਅਸਰ ਪਇਆ, ਜਿੱਥੇ ਸੈਂਸੈਕਸ ਕਰੀਬ 3,000 ਅੰਕ ਦੀ ਭਾਰੀ ਗਿਰਾਵਟ ਨਾਲ 72,200 ਦੇ ਨੇੜੇ ਪਹੁੰਚ ਗਿਆ, ਜਦਕਿ ਨਿਫਟੀ ਵੀ ਲਗਭਗ 1,000 ਅੰਕ ਡਿੱਗ ਕੇ 22,000 ਦੇ ਨੇੜੇ ਕਾਰੋਬਾਰ ਕਰ ਰਿਹਾ ਹੈ।
ਇਸ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਕ੍ਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਅਮਰੀਕਾ ਦੇ ਐੱਸਐਂਡਪੀ 500 ਫਿਊਚਰਜ਼ ‘ਚ 4.31% ਅਤੇ ਨੈਸਡੈਕ ਫਿਊਚਰਜ਼ ‘ਚ 5.45% ਦੀ ਗਿਰਾਵਟ ਦਰਜ ਕੀਤੀ ਗਈ। ਜਾਪਾਨ ਦੇ ਨਿੱਕੇਈ ਇੰਡੈਕਸ ਨੇ 7.8% ਦੀ ਭਾਰੀ ਮੰਦੀ ਨਾਲ 2023 ਦੇ ਹੇਠਲੇ ਪੱਧਰ ਨੂੰ ਛੂਹ ਲਿਆ। ਦੱਖਣੀ ਕੋਰੀਆ, ਹਾਂਗ ਕਾਂਗ ਅਤੇ ਤਾਈਵਾਨੀ ਮਾਰਕੀਟਾਂ ਵਿੱਚ ਵੀ 4 ਤੋਂ 10 ਫੀਸਦੀ ਤੱਕ ਦੀ ਗਿਰਾਵਟ ਦਰਜ ਹੋਈ ਹੈ।
ਇਸ ਆਰਥਿਕ ਹਲਚਲ ਦੇ ਪਿੱਛੇ ਟਰੰਪ ਵੱਲੋਂ ਕਈ ਦੇਸ਼ਾਂ ‘ਤੇ ਲਾਏ ਗਏ ਵਧੇਰੇ ਟੈਰਿਫ਼ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਚੀਨ ਅਤੇ ਕੈਨੇਡਾ ਸਮੇਤ ਕਈ ਮੁਲਕਾਂ ਨੇ ਅਮਰੀਕਾ ‘ਤੇ ਜਵਾਬੀ ਟੈਰਿਫ਼ ਲਗਾ ਦਿੱਤੇ ਹਨ, ਜਿਸ ਨਾਲ ਗਲੋਬਲ ਵਪਾਰ ਯੁੱਧ ਦਾ ਡਰ ਵਧ ਗਿਆ ਹੈ। ਇਸ ਤਣਾਅ ਨੇ ਨਿਵੇਸ਼ਕਾਂ ਵਿਚ ਨਿਰਾਸ਼ਾ ਪੈਦਾ ਕਰ ਦਿੱਤੀ ਹੈ ਤੇ ਉਹ ਤੇਜ਼ੀ ਨਾਲ ਆਪਣੇ ਸ਼ੇਅਰ ਵੇਚ ਰਹੇ ਹਨ।
ਅਰਥ ਵਿਦਾਂ ਅਤੇ ਮਾਰਕੀਟ ਐਨਾਲਿਸਟਾਂ ਅਨੁਸਾਰ ਜੇਕਰ ਇਹ ਟਕਰਾਵ ਜਾਰੀ ਰਹਿੰਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਅਰਥਵਿਵਸਥਾ ਨੂੰ ਹੋਰ ਵੱਡਾ ਝਟਕਾ ਲੱਗ ਸਕਦਾ ਹੈ।