ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਆਦਿੱਤਿਆ ਠਾਕੁਰ ਦੀ ਮੌਤ ਤੋਂ ਬਾਅਦ ਕੈਂਪਸ ਵਿੱਚ ਰੋਸ ਦੀ ਲਹਿਰ ਘੱਟ ਹੋਣ ਦੀ ਥਾਂ ਹੋਰ ਤੇਜ਼ ਹੋ ਰਹੀ ਹੈ। 28 ਮਾਰਚ ਦੀ ਰਾਤ ਇੱਕ ਹਰਿਆਣਵੀ ਗਾਇਕ ਦੇ ਲਾਈਵ ਸ਼ੋਅ ਦੌਰਾਨ ਹੋਈ ਹਿੰਸਾਤਮਕ ਘਟਨਾ, ਜਿਸ ਵਿੱਚ ਯੂਆਈਈਟੀ ਵਿਭਾਗ ਦੇ ਵਿਦਿਆਰਥੀ ਆਦਿੱਤਿਆ ਠਾਕੁਰ ਦੀ ਜਾਨ ਗਈ, ਨੇ ਸਿਸਟਮ ‘ਚ ਹੋ ਰਹੀ ਲਾਪਰਵਾਹੀ ਅਤੇ ਪ੍ਰਬੰਧਕ ਅਣਗਹਿਲੀ ਨੂੰ ਇਕ ਵਾਰ ਫਿਰ ਸਵਾਲਾਂ ‘ਚ ਖੜਾ ਕਰ ਦਿੱਤਾ ਹੈ।
ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਨੇ 7 ਅਪ੍ਰੈਲ ਨੂੰ ਹੋਣ ਵਾਲੇ ਪੈਦਲ ਰੋਸ ਮਾਰਚ ਲਈ ਲਾਮਬੰਦੀ ਤੇਜ਼ ਕਰ ਦਿੱਤੀ ਹੈ। ਸਾਂਝੀ ਵਿਦਿਆਰਥੀ ਸੰਘਰਸ਼ ਕਮੇਟੀ ਵਲੋਂ ਵੱਖ-ਵੱਖ ਹੋਸਟਲਾਂ ਅਤੇ ਮੈੱਸਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।
ਇਸੇ ਦੌਰਾਨ, ਸਟੂਡੈਂਟਸ ਸੈਂਟਰ ਵਿਖੇ ਚੱਲ ਰਹੀ ਨਿਰੰਤਰ ਭੁੱਖ ਹੜਤਾਲ ‘ਚ ਅੱਜ ਸੂਰਿਆਦੀਪ ਸਿਹਾਗ ਵੀ ਸ਼ਾਮਲ ਹੋ ਗਿਆ, ਜਿਸ ਨਾਲ ਅੰਦੋਲਨ ਨੇ ਹੋਰ ਤੇਜ਼ੀ ਫੜੀ ਹੈ। ਵਿਦਿਆਰਥੀ ਆਗੂਆਂ ਨੇ ਸਾਫ਼ ਕੀਤਾ ਹੈ ਕਿ ਇਹ ਅੰਦੋਲਨ ਉਹ ਤਕ ਜਾਰੀ ਰਹੇਗਾ ਜਦ ਤਕ ਡੀਐੱਸਡਬਲਿਊ (ਲੜਕੇ), ਡੀਐੱਸਡਬਲਿਊ (ਵਿਮੈਨ), ਐਸੋਸੀਏਟ ਡੀਐੱਸਡਬਲਿਊ ਅਤੇ ਚੀਫ ਸਕਿਉਰਿਟੀ ਅਫ਼ਸਰ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਖਿਲਾਫ਼ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ।
ਵਿਦਿਆਰਥੀ ਆਗੂ ਗੌਤਮ ਭੌਰੀਆ ਅਤੇ ਅਰਚਿਤ ਗਰਗ ਨੇ ਕਿਹਾ ਕਿ ਆਦਿੱਤਿਆ ਦੀ ਮੌਤ ਸਿਰਫ਼ ਇੱਕ ਵਿਅਕਤੀ ਦੀ ਹਾਨੀ ਨਹੀਂ, ਬਲਕਿ ਇਹ ਸਿਸਟਮ ਦੀ ਨਾਕਾਮੀ ਅਤੇ ਪ੍ਰਬੰਧਕ ਲਾਪਰਵਾਹੀ ਦਾ ਨਤੀਜਾ ਹੈ। ਇਹ ਘਟਨਾ ਨਾ ਸਿਰਫ਼ ਪੀਯੂ ਕੈਂਪਸ, ਸਗੋਂ ਪੂਰੇ ਵਿਦਿਆਰਥੀ ਭਾਈਚਾਰੇ ਵਿੱਚ ਡੂੰਘੇ ਦੁੱਖ ਅਤੇ ਗੁੱਸੇ ਦੀ ਲਹਿਰ ਨੂੰ ਜਨਮ ਦੇ ਰਹੀ ਹੈ। ਹਾਲਾਤਾਂ ਨੂੰ ਵੇਖਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਲਈ ਇਹ ਘੜੀ ਗੰਭੀਰ ਚਿੰਤਨ ਅਤੇ ਜ਼ਿੰਮੇਵਾਰਾਨਾ ਕਾਰਵਾਈ ਦੀ ਮੰਗ ਕਰਦੀ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਕਿਸੇ ਆਦਿੱਤਿਆ ਦੀ ਜਾਨ ਨਾ ਜਾਵੇ।
