ਡੇਰਾਬੱਸੀ ਸਿਵਲ ਹਸਪਤਾਲ ਝਗੜਾ: ਕਾਂਗਰਸੀ ਧਿਰ ਦੇ 17 ਵਿਅਕਤੀਆਂ ਖ਼ਿਲਾਫ਼ ਕੇਸ ਦਰਜ, ਛੇ ਗ੍ਰਿਫ਼ਤਾਰ, ਪੁਲੀਸ ਰਿਮਾਂਡ ‘ਤੇ ਭੇਜੇ

ਡੇਰਾਬੱਸੀ, 13 ਅਪ੍ਰੈਲ (ਗੁਤਪ੍ਰੀਤ ਸਿੰਘ): ਸਿਵਲ ਹਸਪਤਾਲ ਡੇਰਾਬੱਸੀ ਵਿੱਚ ਸ਼ੁੱਕਰਵਾਰ ਰਾਤ ਹੋਏ ਹਿੰਸਕ ਝਗੜੇ ਦੀ ਗੂੰਜ ਅਜੇ ਵੀ ਜ਼ੋਰਾਂ ‘ਤੇ ਹੈ। ਝਗੜੇ ਦੇ ਮਾਮਲੇ ਵਿੱਚ ਸੱਤਾਧਾਰੀ ਧਿਰ ਦੀ ਸਰਪੰਚ ਦੇ ਪਤੀ ਰਣਜੀਤ ਸਿੰਘ ਉਰਫ਼ ਮਿੰਟਾ ਗੁੱਜਰ ਦੀ ਸ਼ਿਕਾਇਤ ‘ਤੇ ਕਾਂਗਰਸੀ ਧਿਰ ਦੇ 17 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਛੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਮਿਲਿਆ।

ਗ੍ਰਿਫ਼ਤਾਰ ਕੀਤੇ ਦੋਸ਼ੀਆਂ ਵਿੱਚ ਜ਼ਿਆਦਾਤਰ ਜ਼ਖ਼ਮੀ ਸੀ ਜਿਨ੍ਹਾਂ ਨੂੰ ਪੁਲੀਸ ਨੇ ਹਸਪਤਾਲ ਤੋਂ ਜ਼ੇਰੇ ਇਲਾਜ ਹੀ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਦਰਜ ਕੀਤੀ ਐਫਆਈਆਰ ਵਿੱਚ ਝਗੜੇ ਵੇਲੇ ਮੌਕੇ ’ਤੇ ਹਾਜ਼ਰ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੇ ਲੜਕੇ ਉਦੈਵੀਰ ਸਿੰਘ ਢਿੱਲੋਂ ਦਾ ਨਾਂਅ ਵੀ ਜਾਂਚ ਲਈ ਸ਼ਾਮਲ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਣਜੀਤ ਸਿੰਘ ਉਰਫ਼ ਮਿੰਟਾ ਗੁੱਜਰ ਨੇ ਦੋਸ਼ ਲਾਇਆ ਕਿ ਲੰਘੇ ਕਲ੍ਹ ਸਿਵਲ ਹਸਪਤਾਲ ਵਿੱਚ ਹੋਇਆ ਹਮਲਾ ਉਦੈਵੀਰ ਸਿੰਘ ਢਿੱਲੋਂ ਦੀ ਸ਼ਹਿ ’ਤੇ ਹੋਇਆ ਹੈ ਅਤੇ ਉਹ ਮੌਕੇ ’ਤੇ ਮੌਜੂਦ ਸੀ ਜਿਸਦੀ ਜਾਂਚ ਕੀਤੀ ਜਾਏਗੀ।

ਦੋਸ਼ੀਆਂ ਵਿੱਚ ਅਨਿਲ ਕੁਮਾਰ ਉਰਫ਼ ਹਨੀ ਪਡਿੰਤ, ਅੰਗਰੇਜ਼ ਸਿੰਘ, ਮਹੀਪਾਲ, ਨਰੇਸ਼ ਕੁਮਾਰ, ਮਨੀਸ਼ ਕੁਮਾਰ ਮੰਗੂ, ਕਰਮਪਾਲ, ਅਸ਼ੋਕ ਕੁਮਾਰ, ਰਾਜੇਸ਼ ਕੁਮਾਰ, ਰਾਜ ਕੁਮਾਰ, ਅਮਰ ਸਿੰਘ, ਮੋਹਿਤ, ਗੁਰਪ੍ਰੀਤ ਸਿੰਘ, ਗੁਰਜੰਟ, ਗੁਰਮੀਤ ਸਿੰਘ, ਨਾਇਬ ਸਿੰਘ, ਮਯੰਕ, ਸੰਜੀਵ ਕੁਮਾਰ ਸ਼ਾਮਲ ਹਨ।

ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਣਜੀਤ ਸਿੰਘ ਉਰਫ਼ ਮਿੰਟਾ ਗੁੱਜਰ ਨੇ ਦੋਸ਼ ਲਾਇਆ ਕਿ ਸ਼ੁੱਕਰਵਾਰ ਨੂੰ ਹਨੀ ਪਡਿੰਤ ਆਪਣੇ ਸਾਥੀਆਂ ਨਾਲ ਉਸਦੇ ਸਮਰਕ ਗੌਰਵ ਦੇ ਘਰ ਵੜ ਕੇ ਕੁੱਟਮਾਰ ਕਰ ਰਿਹਾ ਸੀ। ਉਹ ਆਪਣੇ ਸਾਥੀਆਂ ਨਾਲ ਉਸ ਨੂੰ ਬਚਾਉਣ ਲਈ ਗਿਆ ਤਾਂ ਉਨ੍ਹਾਂ ਨੇ ਉਸਦੀ ਅਤੇ ਉਸਦੇ ਸਾਥੀਆਂ ਦੀ ਵੀ ਮਾਰਕੁੱਟ ਕੀਤੀ। ਉਹ ਆਪਣਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੇ ਤਾਂ ਉਥੇ ਐਮਰਜੰਸੀ ਵਿੱਚ ਪਹਿਲਾਂ ਹੀ ਹਨੀ ਪਡਿੰਤ, ਉਸਦੇ ਸਾਥੀ ਅਤੇ ਕਾਂਗਰਸੀ ਆਗੂ ਉਦੈਵੀਰ ਸਿੰਘ ਢਿੱਲੋਂ ਵੀ ਹਾਜ਼ਰ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਦੈਵੀਰ ਸਿੰਘ ਢਿੱਲੋਂ ਨੇ ਹਨੀ ਪਡਿੰਤ ਅਤੇ ਹੋਰਨਾਂ ਨੂੰ ਕਿਹਾ ਕਿ ਇਨ੍ਹਾਂ ਨੂੰ ਫੜ ਲਓ ਅਤੇ ਅੱਜ ਇਹ ਬਚਣੇ ਨਹੀਂ ਚਾਹੀਦੇ। ਇਸ ਮਗਰੋਂ ਹਨੀ ਪਡਿੰਤ ਅਤੇ ਉਸਦੇ ਸਾਥੀਆਂ ਨੇ ਹਸਪਤਾਲ ਵਿੱਚ ਪਏ ਗਮਲੇ, ਬੈਰੀਕੇਡ, ਅੱਚ ਬੁਝਾਓ ਸਿਲੰਡਰ, ਕੈਂਚੀਆਂ, ਪੇਚਕਸ, ਸਟੂਲ ਸਣੇ ਹੋਰਨਾਂ ਸਮਾਨ ਨਾਲ ਉਨ੍ਹਾਂ ਦੀ ਬੁਰੀ ਤਰਾਂ ਮਾਰਕੁੱਟ ਕੀਤੀ ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਪੀ.ਜੀ.ਆਈ. ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਹੈ।

ਦੂਜੇ ਪਾਸੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਸਿਆਸੀ ਦਬਾਅ ਹੇਠ ਇਕ ਤਰਫ਼ਾ ਕਾਰਵਾਈ ਕੀਤੀ ਹੈ ਜਦਕਿ ਮਾਰਕੁੱਟ ਕਰਨ ਵਾਲੀ ਸੱਤਾਧਾਰੀ ਧਿਰ ’ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿੰਡ ਵਿੱਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਜਿਸਦੇ ਸਬੰਧ ਵਿੱਚ ਪਿੰਡ ਦੇ ਵਸਨੀਕ ਕਈਂ ਦਿਨਾਂ ਤੋਂ ਸ਼ਿਕਾਇਤ ਕਰ ਰਹੇ ਸੀ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਸੀ। ਇਸ ਨੂੰ ਲੈ ਕੇ ਲੰਘੇ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਲੜਕਾ ਉਦੈਵੀਰ ਸਿੰਘ ਢਿੱਲੋਂ ਪਿੰਡ ਮੁਕੰਦਪੁਰ ਗਿਆ ਸੀ ਅਤੇ ਮੌਕੇ ਤੋਂ ਨਾਜਾਇਜ਼ ਮਾਈਨਿੰਗ ਦੀ ਇਕ ਵੀਡਿਓ ਬਣਾ ਕੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਭੇਜ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਇਸੇ ਦੇ ਰੰਜਿਸ਼ ਤਹਿਤ ਸੱਤਾਧਾਰੀ ਧਿਰ ਵੱਲੋਂ ਸ਼ਿਕਾਇਤਕਰਤਾ ਧਿਰ ਹਨੀ ਪਡਿੰਤ ’ਤੇ ਹਮਲਾ ਕਰ ਦਿੱਤਾ ਜਿਸ ਵਿੱਚ ਗੰਭੀਰ ਜ਼ਖ਼ਮੀ ਹੋ ਗਏ। ਜਦ ਉਹ ਪੁਲੀਸ ਦੀ ਕਾਰਵਾਈ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਹੋਏ ਜਿਥੇ ਉਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਉਦੈਵੀਰ ਸਿੰਘ ਢਿੱਲੋਂ ਮੌਕੇ ’ਤੇ ਪਹੁੰਚੇ ਤਾਂ ਮਿੰਟਾ ਗੁੱਜਰ ਗਰੁੱਪ ਵੱਲੋਂ ਮੁੜ ਤੋਂ ਹਸਪਤਾਲ ਵਿੱਚ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਮਿੰਟਾ ਗੁੱਜਰ ਗੈਂਗਸਟਰ ਕਿਸਮ ਦਾ ਵਿਅਕਤੀ ਹੈ ਜਿਸ ਖ਼ਿਲਾਫ਼ ਸੰਘੀਣ ਧਾਰਾਵਾਂ ਤਹਿਤ ਪਹਿਲਾਂ ਹੀ ਦਸ ਦੇ ਕਰੀਬ ਕੇਸ ਦਰਜ ਹਨ। ਇਸਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਅਜਿਹੇ ਵਿਅਕਤੀਆਂ ਨੂੰ ਆਪਣੀ ਪਾਰਟੀ ਵਿੱਚ ਪਾਵਰ ਦੇ ਕੇ ਉਭਾਰਿਆ ਜਾ ਰਿਹਾ ਹੈ।

ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਜ਼ਖ਼ਮੀ ਦੇ ਬਿਆਨ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਦੈਵੀਰ ਸਿੰਘ ਢਿੱਲੋਂ ਨੂੰ ਜਾਂਚ ਲਈ ਐਫਆਈਆਰ ਵਿੱਚ ਸ਼ਾਮਲ ਕੀਤਾ ਗਿਆ ਹੈ ਜੇਕਰ ਜਾਂਚ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਪਾਈ ਗਈ ਤਾਂ ਅਗਲੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਨੇ ਸਿਆਸੀ ਦਬਾਅ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ।

By Gurpreet Singh

Leave a Reply

Your email address will not be published. Required fields are marked *