ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਵੀਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਜਦੋਂ ਰਾਜਸਥਾਨ ਰਾਇਲਜ਼ ਦਾ ਸਾਹਮਣਾ ਕਰੇਗੀ ਤਾਂ ਉਸਦਾ ਟੀਚਾ ਆਪਣੇ ਘਰੇਲੂ ਮੈਦਾਨ ਚਿੰਨਾਸਵਾਮੀ ਸਟੇਡੀਅਮ ਵਿਚ ਆਪਣੇ ਰਿਕਾਰਡ ਵਿਚ ਸੁਧਾਰ ਕਰਨਾ ਹੋਵੇਗਾ।
ਆਰ. ਸੀ. ਬੀ. ਨੇ ਚਿੰਨਾਸਵਾਮੀ ਸਟੇਡੀਅਮ ਵਿਚ ਅਜੇ ਤੱਕ ਜਿਹੜੇ 3 ਮੈਚ ਖੇਡੇ ਹਨ, ਉਨ੍ਹਾਂ ਸਾਰਿਆਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਰ. ਸੀ. ਬੀ. ਨੇ ਦੇਸ਼ ਦੇ ਹੋਰਨਾਂ ਸਥਾਨਾਂ ’ਤੇ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਆਪਣੇ ਘਰੇਲੂ ਮੈਦਾਨ ’ਤੇ ਖਰਾਬ ਪ੍ਰਦਰਸ਼ਨ ਦੇ ਕਾਰਨ ਉਸ ਨੂੰ ਨੁਕਸਾਨ ਹੋ ਰਿਹਾ ਹੈ। ਆਰ. ਸੀ. ਬੀ. ਦੇ ਬੱਲੇਬਾਜ਼ ਅਜੀਬ ਤਰ੍ਹਾਂ ਦੇ ਦਬਾਅ ਵਿਚ ਨਜ਼ਰ ਆ ਰਹੇ ਹਨ ਜਦਕਿ ਉਸਦੇ ਗੇਂਦਬਾਜ਼ ਵੀ ਇੱਥੋਂ ਦੀ ਪਿੱਚ ਨਾਲ ਤਾਲਮੇਲ ਨਹੀਂ ਬਿਠਾ ਪਾ ਰਹੇ ਹਨ। ਇੱਥੋਂ ਦੀ ਪਿੱਚ ਹੌਲੀ ਹੈ ਤੇ ਆਰ. ਸੀ. ਬੀ. ਦੇ ਬੱਲੇਬਾਜ਼ ਉਸ ’ਤੇ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਪਾ ਰਹੇ। ਉਹ ਇਸ ਸ਼ਸ਼ੋਪੰਜ ਵਿਚ ਨਜ਼ਰ ਆਉਂਦੇ ਹਨ ਕਿ ਸੰਭਲ ਕੇ ਖੇਡਿਆ ਜਾਵੇ ਜਾਂ ਫਿਰ ਹਮਲਾਵਰ ਰਵੱਈਆ ਅਪਣਾਇਆ ਜਾਵੇ। ਇਸ ਦਾ ਸਬੂਤ ਇੱਥੇ ਟੀਮ ਦਾ ਸਕੋਰ ਹੈ।
ਆਰ. ਸੀ. ਬੀ. ਦੀ ਟੀਮ ਅਜੇ ਤੱਕ ਇੱਥੇ 8 ਵਿਕਟਾਂ ’ਤੇ 169 ਦੌੜਾਂ, 7 ਵਿਕਟਾਂ ’ਤੇ 163 ਦੌੜਾਂ ਤੇ 9 ਵਿਕਟਾਂ ’ਤੇ 95 ਦੌੜਾਂ (14 ਓਵਰਾਂ ਵਿਚ) ਹੀ ਬਣਾ ਸਕੀ ਹੈ। ਹੋਰਨਾਂ ਸਥਾਨਾਂ ’ਤੇ ਉਨ੍ਹਾਂ ਨੇ ਪ੍ਰਤੀ ਓਵਰ 9-10 ਦੌੜਾਂ ਬਣਾਈਆਂ ਹਨ ਪਰ ਇੱਥੇ ਇਹ ਦਰ ਡਿੱਗ ਕੇ 7-8 ਦੌੜਾਂ ਪ੍ਰਤੀ ਓਵਰ ਰਹਿ ਗਈ ਹੈ। ਆਰ. ਸੀ. ਬੀ. ਦੀ ਬੱਲੇਬਾਜ਼ੀ ਦਾ ਮੁੱਖ ਆਧਾਰ ਵਿਰਾਟ ਕੋਹਲੀ ਨੇ ਹੁਣ ਤੱਕ ਇਸ ਸੈਸ਼ਨ ਵਿਚ 64 ਦੀ ਔਸਤ ਨਾਲ ਦੌੜਾਂ ਬਣਾਈਾਂ ਹਨ ਪਰ ਫਿਲ ਸਾਲਟ, ਦੇਵਦੱਤ ਪੱਡੀਕਲ ਤੇ ਕਪਤਾਨ ਰਜਤ ਪਾਟੀਦਾਰ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ।ਆਰ. ਸੀ. ਬੀ. ਦੇ ਗੇਂਦਬਾਜ਼ ਵੀ ਪਿੱਚ ਤੋਂ ਮਦਦ ਮਿਲਣ ਦੇ ਬਾਵਜੂਦ ਉਸਦਾ ਫਾਇਦਾ ਨਹੀਂ ਚੁੱਕ ਸਕੇ ਹਨ। ਆਰ. ਸੀ. ਬੀ. ਨੂੰ ਜੇਕਰ ਆਪਣੇ ਘਰੇਲੂ ਮੈਦਾਨ ’ਤੇ ਹਾਰ ਦਾ ਸਿਲਸਿਲਾ ਤੋੜਨਾ ਹੈ ਤਾਂ ਉਸਦੇ ਗੇਂਦਬਾਜ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਆਰ. ਸੀ. ਬੀ. ਦੇ 10 ਅੰਕ ਹਨ ਤੇ ਉਹ ਅੰਕ ਸੂਚੀ ਵਿਚ ਤੀਜੇ ਸਥਾਨ ’ਤੇ ਹੈ ਪਰ ਪੰਜਾਬ ਕਿੰਗਜ਼ ਤੇ ਲਖਨਊ ਸੁਪਰ ਜਾਇੰਟਸ ਦੇ ਵੀ 10 ਅੰਕ ਹਨ।
ਉੱਥੇ ਹੀ, ਦੂਜੇ ਪਾਸੇ ਰਾਜਸਥਾਨ ਰਾਇਲਜ਼ ਦੀਆਂ ਵੀ ਆਪਣੀਆਂ ਸਮੱਸਿਆਵਾਂ ਹਨ। ਕਪਤਾਨ ਸੰਜੂ ਸੈਮਸਨ ਜ਼ਖ਼ਮੀ ਹੋਣ ਕਾਰਨ ਇਸ ਮੈਚ ਵਿਚ ਨਹੀਂ ਖੇਡ ਸਕੇਗਾ। ਉਸਦੀ ਗੈਰ-ਹਾਜ਼ਰੀ ਵਿਚ ਰਿਆਨ ਪ੍ਰਾਗ ਕਪਤਾਨੀ ਕਰੇਗਾ। ਰਾਇਲਜ਼ ਦੇ ਅਜੇ 4 ਅੰਕ ਹਨ ਤੇ ਉਹ ਅੰਕ ਸੂਚੀ ਵਿਚ 8ਵੇਂ ਸਥਾਨ ’ਤੇ ਹੈ। ਰਾਜਸਥਾਨ ਦੇ ਪ੍ਰਮੁੱਖ ਬੱਲੇਬਾਜ਼ ਯਸ਼ਸਵੀ ਜਾਇਸਵਾਲ, ਪ੍ਰਾਗ, ਸ਼ਿਮਰੋਨ ਹੈੱਟਮਾਇਰ ਤੇ ਨਿਤੀਸ਼ ਰਾਣਾ 8 ਮੈਚਾਂ ਵਿਚੋਂ 6 ਹਾਰਾਂ ਦੇ ਬਾਵਜੂਦ ਚੰਗੀ ਫਾਰਮ ਵਿਚ ਹਨ ਤੇ ਨੌਜਵਾਨ ਵੈਭਵ ਸੂਰਯਵੰਸ਼ੀ ਵੱਲੋਂ ਕੀਤੀ ਗਈ ਸ਼ੁਰੂਆਤ ਵੀ ਉਤਸ਼ਾਹਜਨਕ ਹੈ ਪਰ ਰਾਜਸਥਾਨ ਦੇ ਗੇਂਦਬਾਜ਼ਾਂ ਨੇ ਅਜੇ ਤੱਕ ਨਿਰਾਸ਼ ਕੀਤਾ ਹੈ। ਵਾਨਿੰਦੂ ਹਸਰੰਗਾ (6 ਮੈਚਾਂ ਵਿਚ 9 ਵਿਕਟਾਂ) ਨੇ ਉਸਦੇ ਵੱਲੋਂ ਅਜੇ ਤੱਕ ਸਭ ਤੋਂ ਵੱਧ ਵਿਕਟਾਂ ਲਈਆਂ ਹਨ ਪਰ ਸ਼੍ਰੀਲੰਕਾਈ ਸਪਿੰਨਰ ਨੇ ਇਕ ਮੈਚ ਵਿਚ 4 ਵਿਕਟਾਂ ਲਈਆਂ ਹਨ ਤੇ ਬਾਕੀ ਵਿਚ ਸੰਘਰਸ਼ ਕੀਤਾ ਹੈ। ਜੋਫ੍ਰਾ ਆਰਚਰ (8 ਮੈਚਾਂ ਵਿਚ 8 ਵਿਕਟਾਂ), ਮਹੇਸ ਤੀਕਸ਼ਣਾ (8 ਮੈਚਾਂ ਵਿਚ 7 ਵਿਕਟਾਂ) ਤੇ ਸੰਦੀਪ ਸ਼ਰਮਾ (8 ਮੈਚਾਂ ਵਿਚ 6 ਵਿਕਟਾਂ) ਵੀ ਕੁਝ ਅਜਿਹੀ ਹੀ ਕਹਾਣੀ ਪੇਸ਼ ਕਰਦੇ ਹਨ।