ਨੈਸ਼ਨਲ ਟਾਈਮਜ਼ ਬਿਊਰੋ :- ਪਹਿਲਗਾਮ ’ਚ 23 ਅਪ੍ਰੈਲ ਨੂੰ ਹੋਏ ਘਾਤਕ ਅੱਤਵਾਦੀ ਹਮਲੇ ਤੋਂ ਬਾਅਦ, ਜਿਸ ਵਿਚ 26 ਲੋਕਾਂ ਦੀ ਮੌਤ ਹੋ ਗਈ ਸੀ, ਭਾਰਤ ਨੇ ਪਾਕਿਸਤਾਨ ਵਿਰੁੱਧ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਇਸ ਹਮਲੇ ਦੇ ਤੁਰੰਤ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਦੀ ਸਰਕਾਰੀ X (ਪਹਿਲਾਂ ਟਵਿੱਟਰ) ਅਤੇ Facebook ਅਕਾਊਂਟ ਨੂੰ ਦੇਸ਼ ਵਿੱਚ ਵੇਖਣ ‘ਤੇ ਰੋਕ ਲਾ ਦਿੱਤੀ ਹੈ।
ਹੁਣ ਜਦੋਂ ਭਾਰਤੀ ਯੂਜ਼ਰ “@GovtofPakistan” X ਅਕਾਊਂਟ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਸੁਨੇਹਾ ਮਿਲਦਾ ਹੈ ਕਿ ਇਹ ਅਕਾਊਂਟ ਭਾਰਤ ਵਿੱਚ ਇੱਕ ਕਾਨੂੰਨੀ ਮੰਗ ਦੇ ਤਹਿਤ ਰੋਕ ਦਿੱਤਾ ਗਿਆ ਹੈ। ਹਾਲਾਂਕਿ ਭਾਰਤ ਸਰਕਾਰ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ, ਇਸ ਬਾਰੇ ਕੋਈ ਅਧਿਕਾਰਿਕ ਵਜ੍ਹਾ ਨਹੀਂ ਦਿੱਤੀ ਗਈ। ਪਰ ਇਹ ਪੂਰੀ ਕਾਰਵਾਈ ਕਾਨੂੰਨੀ ਬੇਨਤੀ ਦੇ ਅਧਾਰ ’ਤੇ ਕੀਤੀ ਗਈ ਹੈ।
X ਪਲੇਟਫਾਰਮ ਦੀ ਨੀਤੀ ਅਨੁਸਾਰ, ਜੇ ਕਿਸੇ ਦੇਸ਼ ਦੀ ਸਰਕਾਰ ਜਾਂ ਅਦਾਲਤ ਵੱਲੋਂ ਕੋਈ ਕਾਨੂੰਨੀ ਆਦੇਸ਼ ਮਿਲਦਾ ਹੈ ਤਾਂ ਪਲੇਟਫਾਰਮ ਕਿਸੇ ਟਵੀਟ ਜਾਂ ਪੂਰੇ ਅਕਾਊਂਟ ਨੂੰ ਉਥੇ ਰੋਕ ਸਕਦਾ ਹੈ। ਉਹ ਲੋਕਲ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਅਜਿਹੇ ਫੈਸਲੇ ਲੈਂਦੇ ਹਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਨੇ ਪਾਕਿਸਤਾਨ ਦੇ ਸੋਸ਼ਲ ਮੀਡੀਆ ਅਕਾਊਂਟਾਂ ’ਤੇ ਰੋਕ ਲਾਈ ਹੋਵੇ। ਇਸ ਤੋਂ ਪਹਿਲਾਂ ਅਕਤੂਬਰ 2022 ਅਤੇ ਮਾਰਚ 2023 ਵਿਚ ਵੀ ਇਹੀ ਸਰਕਾਰੀ X ਅਕਾਊਂਟ ਭਾਰਤ ਵਿੱਚ ਰੋਕਿਆ ਗਿਆ ਸੀ। ਇਨ੍ਹਾਂ ਦੇ ਨਾਲ 2022-23 ਵਿਚ ਪਾਕਿਸਤਾਨ ਦੇ ਸੰਯੁਕਤ ਰਾਸ਼ਟਰ, ਤੁਰਕੀ, ਇਰਾਨ ਅਤੇ ਮਿਸਰ ਵਾਲੇ ਦੂਤਾਵਾਸਾਂ ਦੇ ਅਕਾਊਂਟ ਵੀ ਭਾਰਤ ਨੇ ਰੋਕ ਦਿੱਤੇ ਸਨ।
X ਦੀ ਵੈਬਸਾਈਟ ਉੱਤੇ ਵੀ ਇਹ ਗੱਲ ਦਰਜ ਹੈ ਕਿ ਉਹ ਅਜ਼ਾਦੀ-ਏ-ਰਾਏ ਦਾ ਆਦਰ ਕਰਦੇ ਹਨ ਪਰ ਹਰ ਦੇਸ਼ ਦੇ ਕਾਨੂੰਨ ਦੀ ਇੱਜ਼ਤ ਕਰਦੇ ਹੋਏ ਜ਼ਰੂਰੀ ਕਦਮ ਲੈਂਦੇ ਹਨ।
