ਨੈਸ਼ਨਲ ਟਾਈਮਜ਼ ਬਿਊਰੋ :- ਇਕ ਪਾਸੇ ਪਾਕਿਸਤਾਨ ਭਾਰਤ ‘ਚ ਅੱਤਵਾਦੀ ਹਮਲੇ ਕਰਵਾ ਕੇ ਨਿਰਦੋਸ਼ ਨਾਗਰਿਕਾਂ ਦੀਆਂ ਜਾਨਾਂ ਲੈ ਰਿਹਾ ਹੈ, ਤੇ ਦੂਜੇ ਪਾਸੇ ਡਰੋਨਾਂ ਰਾਹੀਂ ਨਸ਼ਾ, ਹਥਿਆਰ ਅਤੇ ਹੁਣ ਤਾਂ ਦਵਾਈਆਂ ਭੀ ਭੇਜਣ ਲੱਗ ਪਿਆ ਹੈ। ਸਰਹੱਦ ਵੱਲੋਂ ਆ ਰਹੀ ਇਹ ਤਬਾਹੀ ਹਰ ਰੋਜ਼ ਕਿਸੇ ਨਵੇਂ ਰੂਪ ਵਿੱਚ ਸਾਹਮਣੇ ਆ ਰਹੀ ਹੈ।
ਪਿਛਲੇ ਕੁਝ ਦਿਨਾਂ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਤੇ ਫਿਰੋਜ਼ਪੁਰ ਵਿੱਖੇ ਬੀਐਸਐੱਫ ਅਤੇ ਪੁਲਸ ਨੇ ਡਰੋਨ ਰਾਹੀਂ ਭੇਜੇ ਨਸ਼ੇ, ਗੋਲਾਬਾਰੂਦ ਅਤੇ ਵਿਦੇਸ਼ੀ ਹਥਿਆਰਾਂ ਦੀ ਵੱਡੀ ਖੇਪ ਫੜੀ ਹੈ। ਕੁਝ ਥਾਵਾਂ ‘ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ, ਜਿਨ੍ਹਾਂ ਕੋਲੋਂ ਹੈਰੋਇਨ, ਪਿਸਤੌਲ, ਗ੍ਰੇਨੇਡ, ਰਿਮੋਟ ਤੇ ਆਈਈਡੀ ਵਰਗੀ ਖ਼ਤਰਨਾਕ ਸਮੱਗਰੀ ਮਿਲੀ।
23 ਅਪ੍ਰੈਲ ਨੂੰ ਤਰਨਤਾਰਨ ਵਿੱਚ ਇਕ ਮਕਾਨ ‘ਚ ਛਾਪੇਮਾਰੀ ਦੌਰਾਨ ਇਹ ਵੀ ਪਤਾ ਲੱਗਿਆ ਕਿ ਹੁਣ ਪਾਕਿਸਤਾਨੀ ਦਵਾਈਆਂ ਦੀ ਸਮੱਗਲਿੰਗ ਵੀ ਹੋ ਰਹੀ ਹੈ। 10 ਤਰ੍ਹਾਂ ਦੀਆਂ ਪਾਕਿਸਤਾਨੀ ਬਣੀਆਂ ਹੋਈਆਂ ਦਵਾਈਆਂ ਉਥੋਂ ਜ਼ਬਤ ਕੀਤੀਆਂ ਗਈਆਂ।
ਇਹ ਸਾਰੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਪਾਕਿਸਤਾਨ ਭਾਰਤ ਨੂੰ ਅੰਦਰੋਂ ਕਮਜ਼ੋਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਭਾਰਤ ਵੀ ਉਸ ਨੂੰ ਢੁੱਕਵਾਂ ਜਵਾਬ ਦੇਵੇ, ਜਿਸ ਭਾਸ਼ਾ ‘ਚ ਪਾਕਿਸਤਾਨ ਸਮਝਦਾ ਹੈ।
