ਗੂਗਲ ਨੇ ਭਾਰਤ ’ਚ ਲਾਂਚ ਕੀਤਾ ਨਵਾਂ AI ਐਪ Dreambeans, ਹਰ ਰੋਜ਼ ਮਿਲਣਗੀਆਂ ਪਸੰਦ ਮੁਤਾਬਕ ਨਿੱਜੀ ਕਹਾਣੀਆਂ

Technology (ਗੁਰਪ੍ਰੀਤ ਸਿੰਘ) : ਗੂਗਲ ਨੇ ਆਪਣਾ ਨਵਾਂ ਐਕਸਪੈਰੀਮੈਂਟਲ ਐਪ Dreambeans ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਇਸ ਐਪ ਰਾਹੀਂ ਯੂਜ਼ਰਜ਼ ਨੂੰ ਹਰ ਰੋਜ਼ ਉਨ੍ਹਾਂ ਦੀ ਪਸੰਦ ਅਤੇ ਦਿਲਚਸਪੀ ਦੇ ਮੁਤਾਬਕ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਤਿਆਰ ਕੀਤੀਆਂ ਕਹਾਣੀਆਂ ਦੇਖਣ ਨੂੰ ਮਿਲਣਗੀਆਂ। ਖ਼ਾਸ ਗੱਲ ਇਹ ਹੈ ਕਿ ਇਸ ਲਈ ਯੂਜ਼ਰਜ਼ ਨੂੰ ਵਾਰ-ਵਾਰ ਕੁਝ ਸਰਚ ਕਰਨ ਜਾਂ ਸਵਾਲ ਪੁੱਛਣ ਦੀ ਲੋੜ ਨਹੀਂ ਪਵੇਗੀ। ਐਪ ਖ਼ੁਦ ਹੀ ਉਨ੍ਹਾਂ ਦੀਆਂ ਰੁਚੀਆਂ ਦੇ ਆਧਾਰ ’ਤੇ ਨਵੀਂ ਸਮੱਗਰੀ ਤਿਆਰ ਕਰਕੇ ਦਿਖਾਏਗਾ।

ਗੂਗਲ ਮੁਤਾਬਕ, ਇਹ ਐਪ Gmail, Google Photos, Google Calendar, Google Search, Gemini ਅਤੇ YouTube ਵਰਗੀਆਂ ਸੇਵਾਵਾਂ ਤੋਂ ਮਿਲੀ ਜਾਣਕਾਰੀ ਦੀ ਵਰਤੋਂ ਕਰਕੇ ਨਿੱਜੀ ਕਹਾਣੀਆਂ ਤਿਆਰ ਕਰੇਗਾ। Dreambeans ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੂਜ਼ਰਜ਼ ਲਈ ਉਪਲਬਧ ਕਰਵਾਇਆ ਗਿਆ ਹੈ। ਇਸ ਨੂੰ Android ਅਤੇ iOS ਦੋਵਾਂ ਪਲੇਟਫ਼ਾਰਮਾਂ ’ਤੇ ਡਾਊਨਲੋਡ ਕੀਤਾ ਜਾ ਸਕਦਾ ਹੈ।

Google Labs ਦਾ ਐਕਸਪੈਰੀਮੈਂਟਲ ਐਪ ਹੈ Dreambeans

ਗੂਗਲ ਨੇ Dreambeans ਨੂੰ Google Labs ਦੇ ਤਹਿਤ ਤਿਆਰ ਕੀਤਾ ਹੈ। ਇਸ ਦਾ ਮੁੱਖ ਉਦੇਸ਼ ਯੂਜ਼ਰਜ਼ ਨੂੰ ਉਨ੍ਹਾਂ ਦੀ ਪਸੰਦ ਅਤੇ ਰੋਜ਼ਾਨਾ ਦੀਆਂ ਲੋੜਾਂ ਨਾਲ ਜੁੜੀ ਜਾਣਕਾਰੀ ਆਸਾਨੀ ਨਾਲ ਮੁਹੱਈਆ ਕਰਵਾਉਣਾ ਹੈ। ਆਮ ਤੌਰ ’ਤੇ ਨਵੀਂ ਜਾਣਕਾਰੀ ਹਾਸਲ ਕਰਨ ਲਈ ਲੋਕਾਂ ਨੂੰ ਸੋਸ਼ਲ ਮੀਡੀਆ ਫੀਡ ਸਕ੍ਰੋਲ ਕਰਨੀ ਪੈਂਦੀ ਹੈ ਜਾਂ ਇੰਟਰਨੈੱਟ ’ਤੇ ਵੱਖ-ਵੱਖ ਚੀਜ਼ਾਂ ਸਰਚ ਕਰਨੀਆਂ ਪੈਂਦੀਆਂ ਹਨ। ਪਰ ਇਹ ਐਪ ਯੂਜ਼ਰਜ਼ ਦੀਆਂ ਦਿਲਚਸਪੀਆਂ ਦੇ ਆਧਾਰ ’ਤੇ ਹਰ ਰੋਜ਼ ਨਵੀਆਂ ਕਹਾਣੀਆਂ ਤਿਆਰ ਕਰਕੇ ਉਨ੍ਹਾਂ ਦੇ ਸਾਹਮਣੇ ਪੇਸ਼ ਕਰੇਗਾ।

ਇਹ ਐਪ ਯੂਜ਼ਰ ਵੱਲੋਂ ਚੁਣੇ ਗਏ Google Account ਅਤੇ ਉਸ ਨਾਲ ਜੁੜੀਆਂ ਸੇਵਾਵਾਂ ਤੋਂ ਜਾਣਕਾਰੀ ਲੈਂਦਾ ਹੈ। ਇਨ੍ਹਾਂ ਵਿੱਚ Gmail, Google Calendar, Google Photos, Google Search, Gemini ਅਤੇ YouTube ਸ਼ਾਮਲ ਹਨ। ਇਨ੍ਹਾਂ ਸੇਵਾਵਾਂ ਤੋਂ ਮਿਲਣ ਵਾਲੇ ਡੇਟਾ ਦੇ ਆਧਾਰ ’ਤੇ Dreambeans ਅਜਿਹੀਆਂ ਕਹਾਣੀਆਂ ਦਿਖਾ ਸਕਦਾ ਹੈ, ਜੋ ਯੂਜ਼ਰ ਦੀ ਦਿਲਚਸਪੀ ਅਤੇ ਰੋਜ਼ਾਨਾ ਦੀਆਂ ਲੋੜਾਂ ਨਾਲ ਸਬੰਧਤ ਹੋਣ।

ਮਿਸਾਲ ਵਜੋਂ, ਐਪ ਤੁਹਾਨੂੰ ਉਨ੍ਹਾਂ ਥਾਵਾਂ ਬਾਰੇ ਜਾਣਕਾਰੀ ਦੇ ਸਕਦਾ ਹੈ ਜਿੱਥੇ ਤੁਸੀਂ ਘੁੰਮਣ ਜਾਣਾ ਚਾਹੁੰਦੇ ਹੋ। ਇਸ ਤੋਂ ਇਲਾਵਾ ਆਰਟ ਅਤੇ ਕਰਾਫਟ, ਨੇੜੇ ਹੋਣ ਵਾਲੇ ਸਮਾਗਮਾਂ ਅਤੇ ਆਉਣ ਵਾਲੇ ਮਹੱਤਵਪੂਰਨ ਕੰਮਾਂ ਨਾਲ ਜੁੜੇ ਰਿਮਾਈਂਡਰ ਵੀ ਦਿਖਾ ਸਕਦਾ ਹੈ।

ਯੂਜ਼ਰਜ਼ ਇਨ੍ਹਾਂ ਕਹਾਣੀਆਂ ਨੂੰ ਖੋਲ੍ਹ ਕੇ ਉਨ੍ਹਾਂ ਬਾਰੇ ਹੋਰ ਜਾਣਕਾਰੀ ਹਾਸਲ ਕਰ ਸਕਦੇ ਹਨ। ਪਸੰਦ ਆਉਣ ਵਾਲੀ ਸਟੋਰੀ ਨੂੰ ਬਾਅਦ ਵਿੱਚ ਪੜ੍ਹਨ ਲਈ ਸੇਵ ਕਰਨ ਅਤੇ ਦੂਜਿਆਂ ਨਾਲ ਸਾਂਝਾ ਕਰਨ ਦਾ ਵਿਕਲਪ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਐਪ ਵਿੱਚ ਆਪਣਾ ਫੀਡਬੈਕ ਵੀ ਦੇ ਸਕਦੇ ਹਨ, ਜਿਸ ਨਾਲ ਗੂਗਲ ਨੂੰ ਕਹਾਣੀਆਂ ਦੀ ਗੁਣਵੱਤਾ ਅਤੇ ਉਨ੍ਹਾਂ ਦੀ ਪੇਸ਼ਕਾਰੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।

AI ਨਾਲ ਤਸਵੀਰਾਂ ਨੂੰ ਵੀਡੀਓ ਵਿੱਚ ਬਦਲ ਸਕੇਗਾ ਐਪ

Dreambeans ਵਿੱਚ ਇੱਕ ਹੋਰ ਖ਼ਾਸ ਫੀਚਰ ਵੀ ਦਿੱਤਾ ਗਿਆ ਹੈ। ਇਸ ਦੀ ਮਦਦ ਨਾਲ ਕੁਝ ਚੋਣਵੀਆਂ ਕਹਾਣੀਆਂ ਵਿੱਚ ਦਿਖਾਈਆਂ ਜਾਣ ਵਾਲੀਆਂ ਤਸਵੀਰਾਂ ਨੂੰ ਐਨੀਮੇਟ ਕੀਤਾ ਜਾ ਸਕਦਾ ਹੈ। ਇਸ ਲਈ ਗੂਗਲ ਆਪਣੇ Veo AI ਵੀਡੀਓ ਜਨਰੇਸ਼ਨ ਮਾਡਲ ਦੀ ਵਰਤੋਂ ਕਰ ਰਿਹਾ ਹੈ। ਇਸ ਦਾ ਮਤਲਬ ਹੈ ਕਿ ਕੁਝ ਕਹਾਣੀਆਂ ਵਿੱਚ ਯੂਜ਼ਰਜ਼ ਨੂੰ ਸਥਿਰ ਤਸਵੀਰਾਂ ਦੀ ਬਜਾਏ ਉਨ੍ਹਾਂ ਵਿੱਚ ਹਿਲਜੁਲ ਅਤੇ ਐਨੀਮੇਸ਼ਨ ਵੀ ਦੇਖਣ ਨੂੰ ਮਿਲੇਗੀ।

14 ਭਾਸ਼ਾਵਾਂ ਵਿੱਚ ਉਪਲਬਧ ਹੈ Google Dreambeans

ਗੂਗਲ ਨੇ Dreambeans ਨੂੰ ਭਾਰਤ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੂਜ਼ਰਜ਼ ਲਈ ਉਪਲਬਧ ਕਰਵਾਇਆ ਹੈ। ਇਸ ਨੂੰ Android ਅਤੇ iOS ਡਿਵਾਈਸਾਂ ’ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਐਪ ਕੁੱਲ 14 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਨ੍ਹਾਂ ਵਿੱਚ ਅੰਗਰੇਜ਼ੀ, ਹਿੰਦੀ, ਬੰਗਾਲੀ, ਤੇਲਗੂ, ਮਰਾਠੀ, ਤਮਿਲ, ਉਰਦੂ, ਗੁਜਰਾਤੀ, ਕੰਨੜ, ਮਲਿਆਲਮ, ਓਡੀਆ, ਪੰਜਾਬੀ, ਅਸਾਮੀ ਅਤੇ ਨੇਪਾਲੀ ਸ਼ਾਮਲ ਹਨ।

ਹਾਲਾਂਕਿ, ਯੂਜ਼ਰਜ਼ ਇੱਕ ਸਮੇਂ ’ਤੇ ਸਿਰਫ਼ ਇੱਕ ਭਾਸ਼ਾ ਚੁਣ ਕੇ ਆਪਣੀਆਂ ਕਹਾਣੀਆਂ ਤਿਆਰ ਕਰਵਾ ਸਕਣਗੇ।

By Gurpreet Singh

Leave a Reply

Your email address will not be published. Required fields are marked *