ਚੰਡੀਗੜ੍ਹ, 30 ਅਪ੍ਰੈਲ 2025: ਸਿੱਖ ਕੌਮ ਅਤੇ ਗੁਰਬਾਣੀ ਸੰਗੀਤ ਜਗਤ ਲਈ ਮਾਣ ਵਾਲੀ ਘੜੀ ਉਸ ਸਮੇਂ ਆਈ ਜਦੋਂ ਪ੍ਰਸਿੱਧ ਹਜੂਰੀ ਰਾਗੀ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਪਦਮ ਸ਼੍ਰੀ ਸਨਮਾਨ ਨਾਲ ਨਵਾਜਿਆ ਗਿਆ। ਇਹ ਪੁਰਸਕਾਰ ਉਨ੍ਹਾਂ ਨੂੰ ਗੁਰਬਾਣੀ ਸੰਗੀਤ ਅਤੇ ਰਾਗੀ ਪਰੰਪਰਾ ਵਿੱਚ ਵਿਸ਼ੇਸ਼ ਯੋਗਦਾਨ ਲਈ ਦਿੱਤਾ ਗਿਆ।
ਭਾਈ ਹਰਜਿੰਦਰ ਸਿੰਘ ਜੀ ਨੇ ਦਹਾਕਿਆਂ ਤੋਂ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹਜੂਰੀ ਰਾਗੀ ਵਜੋਂ ਗੁਰਬਾਣੀ ਦੀ ਸੇਵਾ ਨਿਭਾਈ ਹੈ। ਉਨ੍ਹਾਂ ਦੀ ਰਾਗੀ ਸ਼ੈਲੀ, ਸ਼ੁੱਧ ਉਚਾਰਣ ਅਤੇ ਰਸ ਭਰੀ ਆਵਾਜ਼ ਨੇ ਸਿਖ ਸੰਗਤ ਨੂੰ ਅਕਸਰ ਰੂਹਾਨੀ ਅਨੁਭੂਤੀਆਂ ਦਿੱਤੀਆਂ ਹਨ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਭਾਈ ਹਰਜਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ, “ਉਹਨਾਂ ਨੇ ਗੁਰਬਾਣੀ ਸੰਗੀਤ ਜਗਤ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਇਹ ਸਨਮਾਨ ਸਿਰਫ ਉਨ੍ਹਾਂ ਦੀ ਸੇਵਾ ਲਈ ਨਹੀਂ, ਸਗੋਂ ਪੂਰੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ।”
ਭਾਈ ਹਰਜਿੰਦਰ ਸਿੰਘ ਨੂੰ ਮਿਲਿਆ ਪਦਮ ਸ਼੍ਰੀ ਸਨਮਾਨ ਨਵੀਂ ਪੀੜ੍ਹੀ ਨੂੰ ਗੁਰਬਾਣੀ ਨਾਲ ਜੁੜਨ ਅਤੇ ਰਾਗੀ ਪਰੰਪਰਾ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰੇਗਾ।
ਸਿੱਖ ਜਗਤ ਵੱਲੋਂ ਉਨ੍ਹਾਂ ਨੂੰ ਬੇਹੱਦ ਵਧਾਈਆਂ ਮਿਲ ਰਹੀਆਂ ਹਨ ਅਤੇ ਅਰਦਾਸ ਕੀਤੀ ਜਾ ਰਹੀ ਹੈ ਕਿ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਲੰਬੀ ਉਮਰ ਤੇ ਚੰਗੀ ਸਿਹਤ ਦੇਣ, ਤਾਂ ਜੋ ਉਹ ਹੋਰ ਲੰਬੀ ਸੇਵਾ ਕਰ ਸਕਣ।
