ਭਾਰਤ-ਪਾਕਿਸਤਾਨ ਤਣਾਅ ‘ਤੇ ਅਮਰੀਕੀ ਉਪ ਰਾਸ਼ਟਰਪਤੀ ਦਾ ਬਿਆਨ: ਭਾਰਤ ਦੇਵੇ ਜਵਾਬ, ਪਰ ਖੇਤਰੀ ਯੁੱਧ ਤੋਂ ਬਚੇ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ-ਪਾਕਿਸਤਾਨ ਵਿਚਾਲੇ ਜਾਰੀ ਤਣਾਅ ‘ਤੇ ਅਮਰੀਕਾ ਲਗਾਤਾਰ ਨਜ਼ਰ ਬਣਾਏ ਹੋਏ ਹੈ। ਹੁਣ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਹੈ ਕਿ ਭਾਰਤ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਪਰ ਜਵਾਬ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਖੇਤਰੀ ਯੁੱਧ ਦੀ ਸਥਿਤੀ ਨਾ ਬਣੇ। ਉਨ੍ਹਾਂ ਨੇ ਇਹ ਉਮੀਦ ਵੀ ਜਤਾਈ ਕਿ ਪਾਕਿਸਤਾਨ ਭਾਰਤ ਨਾਲ ਸਹਿਯੋਗ ਕਰੇਗਾ ਤਾਂ ਜੋ ਪਾਕਿਸਤਾਨ ਦੀ ਜ਼ਮੀਨ ਤੋਂ ਕੰਮ ਕਰ ਰਹੇ ਅੱਤਵਾਦੀਆਂ ਨੂੰ ਫੜ ਕੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ।

ਫੌਕਸ ਨਿਊਜ਼ ਨਾਲ ਇਕ ਇੰਟਰਵਿਊ ਵਿਚ ਜੇਡੀ ਵੈਂਸ ਨੇ ਪਹਿਲਗਾਮ ਹਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਇਸ ਅੱਤਵਾਦੀ ਹਮਲਾ ਦਾ ਅਜਿਹਾ ਜਵਾਬ ਦੇਵੇਗਾ, ਜਿਸ ਨਾਲ ਵਿਆਪਕ ਖੇਤਰੀ ਸੰਘਰਸ਼ ਦੀ ਸਥਿਤੀ ਨਾ ਬਣੇ। ਉਸ ਨੇ ਕਿਹਾ ਕਿ ਅਸੀਂ ਇਹ ਉਮੀਦ ਵੀ ਕਰਦੇ ਹਾਂ ਕਿ ਜੇਕਰ ਪਾਕਿਸਤਾਨ ਕਿਸੇ ਤਰ੍ਹਾਂ ਵੀ ਜ਼ਿੰਮੇਵਾਰ ਹੈ ਤਾਂ ਭਾਰਤ ਨਾਲ ਮਿਲ ਕੇ ਅੱਤਵਾਦੀਆਂ ਨੂੰ ਫੜਨ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਿਚ ਸਹਿਯੋਗ ਕਰੇਗਾ। 

ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਹਮਲੇ ਵਿਚ 26 ਨਿਰਦੋਸ਼ ਲੋਕ ਮਾਰੇ ਗਏ । ਇੱਥੇ ਦੱਸ ਦਈਏ ਕਿ ਜੇਡੀ ਵੈਂਸ ਅਤੇ ਉਨ੍ਹਾਂ ਦਾ ਪਰਿਵਾਰ ਹਮਲੇ ਦੌਰਾਨ ਭਾਰਤ ਦੀ ਯਾਤਰਾ ‘ਤੇ ਸੀ। ਹਮਲੇ ਦੇ ਤੁਰੰਤ ਬਾਅਤ ਉਨ੍ਹਾਂ ਨੇ ਐਕਸ ‘ਤੇ ਪੋਸਟ ਕਰ ਕੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ ਸੀ।

By Rajeev Sharma

Leave a Reply

Your email address will not be published. Required fields are marked *