ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਨੇ ਤਹਿਸੀਲ ਅਧਿਕਾਰੀਆਂ ਵੱਲੋਂ ਦਫ਼ਤਰ ‘ਚ ਦੇਰੀ ਨਾਲ ਪਹੁੰਚਣ ਅਤੇ ਲੋਕਾਂ ਨੂੰ ਹੋ ਰਹੀ ਅਸੁਵਿਧਾ ਦੇ ਮੱਦੇਨਜ਼ਰ ਇਕ ਸਖ਼ਤ ਫੈਸਲਾ ਲਿਆ ਹੈ। ਹੁਣ ਤੋਂ ਸੂਬੇ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਅਧਿਕਾਰੀਆਂ ਲਈ ਸਵੇਰੇ 9 ਵਜੇ ਤੱਕ ਦਫ਼ਤਰ ‘ਚ ਪਹੁੰਚਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਐਡੀਸ਼ਨਲ ਚੀਫ਼ ਸੈਕਟਰੀ ਅਨੁਰਾਗ ਵਰਮਾ ਵੱਲੋਂ ਜਾਰੀ ਨਵੇਂ ਹੁਕਮਾਂ ਮੁਤਾਬਕ, ਹਾਜ਼ਰੀ ਹੁਣ M ਸੇਵਾ ਐਪ ਰਾਹੀਂ ਲੱਗੇਗੀ, ਜਿਸ ਲਈ ਅਧਿਕਾਰੀਆਂ ਨੂੰ ਆਪਣੇ ਮੋਬਾਈਲ ਫੋਨ ‘ਤੇ ਲੋਕੇਸ਼ਨ ਆਨ ਕਰਕੇ, ਤਹਿਸੀਲ ਦਫ਼ਤਰ ‘ਚ ਪਹੁੰਚਣ ਦੀ ਸੈਲਫੀ ਅੱਪਲੋਡ ਕਰਨੀ ਹੋਵੇਗੀ।
ਇਹ ਕਦਮ ਲੋਕਾਂ ਨੂੰ ਰਜਿਸਟਰੀ ਜਾਂ ਹੋਰ ਕੰਮਾਂ ਲਈ ਤਹਿਸੀਲ ਦਫ਼ਤਰਾਂ ਵਿੱਚ ਹੋ ਰਹੀ ਖੱਜਲਖੁਆਰੀ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ ਹੈ। ਕਈ ਵਾਰੀ ਲੋਕ ਸਾਰੇ ਦਸਤਾਵੇਜ਼ ਲੈ ਕੇ ਵੀ ਤਹਿਸੀਲਦਾਰ ਦੀ ਉਪਸਥਿਤੀ ਨਾ ਹੋਣ ਕਰਕੇ ਵਾਪਸ ਜਾਣ ‘ਤੇ ਮਜਬੂਰ ਹੋ ਜਾਂਦੇ ਸਨ।
ਸਰਕਾਰ ਵੱਲੋਂ ਜਾਰੀ ਹੋਏ ਹੁਕਮਾਂ ਵਿੱਚ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਹੁਣ ਜੇਕਰ ਕੋਈ ਵਿਅਕਤੀ ਆਪਣੇ ਸਾਰੇ ਜਾਇਜ਼ ਦਸਤਾਵੇਜ਼ 5 ਵਜੇ ਤੋਂ ਪਹਿਲਾਂ ਅੱਪਲੋਡ ਕਰ ਦੇਂਦਾ ਹੈ ਅਤੇ ਤਹਿਸੀਲ ਦਫ਼ਤਰ ‘ਚ ਮੌਜੂਦ ਹੈ, ਤਾਂ ਅਧਿਕਾਰੀ ਨੂੰ ਉਸਦੀ ਰਜਿਸਟਰੀ ਕਰਨੀ ਪਵੇਗੀ, ਭਾਵੇਂ ਸਮਾਂ 6 ਵਜੇ ਕਿਉਂ ਨਾ ਹੋ ਜਾਵੇ।
ਇਸ ਨਵੇਂ ਫੈਸਲੇ ਨਾਲ ਸਰਕਾਰ ਨੇ ਤਹਿਸੀਲਾਂ ਵਿੱਚ ਕੰਮ ਦੀ ਗਤੀ ਤੇ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ। ਹੁਣ ਹਰੇਕ ਅਧਿਕਾਰੀ ਦੀ ਦਫ਼ਤਰ ‘ਚ ਹਾਜ਼ਰੀ ਅਤੇ ਡਿਊਟੀ ਤੇ ਉਪਸਥਿਤੀ ਨੂੰ ਲੈ ਕੇ ਕੋਈ ਢਿੱਲ ਨਹੀ ਰੱਖੀ ਜਾਵੇਗੀ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਵੀ ਚਿਤਾਵਨੀ ਦਿੱਤੀ ਗਈ ਹੈ।
