ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਦੌਰਾਨ ਅੱਜ ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ ਜੈਸਲਮੇਰ ਵਿੱਚ ਪਾਕਿਸਤਾਨੀ ਹਵਾਈ ਫ਼ੌਜ ਦੇ ਪਾਇਲਟ ਨੂੰ ਭਾਰਤੀ ਸੁਰੱਖਿਆ ਬਲਾਂ ਵੱਲੋਂ ਕਾਬੂ ਕਰ ਲਿਆ। ਇਹ ਪਾਕਿਸਤਾਨੀ ਪਾਇਲਟ ਆਪਣੇ ਜੰਗੀ ਜਹਾਜ਼ ’ਚੋਂ ਨਿਕਲਣ ਬਾਅਦ ਭਾਰਤੀ ਸੁਰੱਖਿਆ ਦਸਤਿਆਂ ਦੇ ਕਾਬੂ ਆ ਗਿਆ। ਖ਼ਬਰ ਲਿਖੇ ਜਾਣ ਤੱਕ ਪਾਇਲਟ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਸੀ ਦਿੱਤੀ ਗਈ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਦੇ ਲੜਾਕੂ ਜਹਾਜ਼ ਤੋਂ ਡਿੱਗਣ ਮਗਰੋਂ ਪਾਇਲਟ ਨੂੰ ਹਿਰਾਸਤ ’ਚ ਲੈ ਲਿਆ ਗਿਆ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ਵੱਲੋਂ ਅੱਜ ਰਾਤ ਕੀਤੇ ਹਮਲਿਆਂ ਦਾ ਮੂੰਹ-ਤੋੜ ਜਵਾਬ ਦਿੰਦਿਆਂ ਸਿਆਲਕੋਟ ਤੇ ਲਾਹੌਰ ’ਚ ਹਵਾਈ ਹਮਲੇ ਕੀਤੇ ਜਿਸ ਦੌਰਾਨ ਇਨ੍ਹਾਂ ਥਾਵਾਂ ’ਤੇ ਭਾਰੀ ਨੁਕਸਾਨ ਹੋਇਆ। ਭਾਰਤ ਨੇ ਕਾਰਵਾਈ ਕਰਦਿਆਂ ਪਾਕਿਸਤਾਨ ਦੇ ਦੋ ਜੇਐੱਫ-17 ਤੇ ਇੱਕ ਐੱਫ-16 ਲੜਾਕੂ ਜਹਾਜ਼ ਸੁੱਟ ਲਿਆ ਹੈ। ਜੰਮੂ ’ਚ ਕੰਟਰੋਲ ਰੇਖਾ ਨੇੜੇ ਵੀ ਭਾਰਤੀ ਜਵਾਨਾਂ ਵੱਲੋਂ ਪਾਕਿਸਤਾਨੀ ਫੌਜਾਂ ਨੂੰ ਜ਼ੋਰਦਾਰ ਢੰਗ ਨਾਲ ਜਵਾਬ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਤੇ ਯੂਰਪੀ ਯੂਨੀਅਨ ਦੇ ਉਪ ਮੁਖੀ ਨਾਲ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਹਾਲਾਤ ਬਾਰੇ ਜਾਣਕਾਰੀ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਪਰੇਸ਼ਨ ਸਿੰਧੂਰ ਤੋਂ 24 ਘੰਟਿਆਂ ਬਾਅਦ ਪਾਕਿਸਤਾਨ ਫਿਰੋਜ਼ਪੁਰ, ਪਠਾਨਕੋਟ, ਜੰਮੂ, ਅਖਨੂਰ, ਜੈਸਲਮੇਰ ਸਮੇਤ ਕਈ ਥਾਵਾਂ ’ਤੇ ਕੀਤੇ ਗਏ ਡਰੋਨ ਹਮਲੇੇੇੇ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਨਾਕਾਮ ਕਰ ਦਿੱਤੇ ਹਨ। ਪਾਕਿਸਤਾਨ ਦੇ ਹਮਲਿਆਂ ਤੋਂ ਬਾਅਦ ਪੰਜਾਬ ਦੇ ਮੋਗਾ, ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਤੇ ਕਈ ਹੋਰ ਇਲਾਕਿਆਂ ਸਮੇਤ ਰਾਜਸਥਾਨ, ਗੁਜਰਾਤ ਤੇ ਜੰਮੂ ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ’ਚ ਬਲੈਕਆਊਟ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਨੇ ਹਾਲਾਂਕਿ ਇਨ੍ਹਾਂ ਹਮਲਿਆਂ ’ਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਣ ਦੀ ਗੱਲ ਕਹੀ ਹੈ। ਪਾਕਿਸਤਾਨ ਵੱਲੋਂ ਜੰਮੂ ’ਚ ਕੰਟਰੋਲ ਰੇਖਾ ਨੇੜੇ ਲਗਦੇ ਇਲਾਕਿਆਂ ’ਚ ਭਾਰੀ ਗੋਲਾਬਾਰੀ ਕੀਤੀ ਜਾ ਰਹੀ ਹੈ ਜਿਸ ਦਾ ਭਾਰਤ ਵੱਲੋਂ ਢੁੱਕਵਾਂ ਜਵਾਬ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 15 ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਪਾਕਿਸਤਾਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਸੀ। ਭਾਰਤ ਨੇ ਜਵਾਬੀ ਕਾਰਵਾਈ ’ਚ ਲਾਹੌਰ ’ਚ ਇੱਕ ਪਾਕਿਸਤਾਨ ਹਵਾਈ ਰੱਖਿਆ ਪ੍ਰਣਾਲੀ ਤਬਾਹ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਸ਼ਹਿਰ ਵਿਚ ਅੱਜ ਸ਼ਾਮੀਂ 15 ਮਿੰਟਾਂ ਦੇ ਵਕਫ਼ੇ ਵਿਚ ਤਿੰਨ ਵੱਡੇ ਧਮਾਕਿਆਂ ਦੀ ਆਵਾਜ਼ ਸੁਣੇ ਜਾਣ ਮਗਰੋਂ ਸਿਵਲ ਡਿਫੈਂਸ ਡਰਿਲ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਜਵਾਬੀ ਉਪਾਅ ਵਜੋਂ ਪੂਰੇ ਸ਼ਹਿਰ ਵਿਚ ਬਲੈਕਆਊਟ ਹੋ ਗਿਆ ਹੈ। ਗ੍ਰੇਟਰ ਕੈਲਾਸ਼, ਆਰਐੱਸ ਪੋਰਾ, ਛਨੀ ਹਿੰਮਤ ਦੇ ਵਸਨੀਕਾਂ ਨੇ ਸ਼ਹਿਰੀ ਖੇਤਰਾਂ ਅਤੇ ਇਸ ਦੇ ਆਲੇ-ਦੁਆਲੇ ਵੱਡੇ ਧਮਾਕੇ ਸੁਣਨ ਦੀ ਪੁਸ਼ਟੀ ਕੀਤੀ ਹੈ, ਜਿਸ ਤੋਂ ਬਾਅਦ ਹਵਾ ਵਿੱਚ ਕਈ ਲਾਲ ਗੋਲੇ ਦੇਖੇ ਗਏ ਹਨ। ਇਸ ਦੌਰਾਨ ਭਾਰਤੀ ਫੌਜ ਨੇ ਸੁੰਜਵਾਂ ਫੌਜੀ ਅੱਡੇ ਨੇੜੇ ਵੀ ਪਾਕਿਸਤਾਨੀ ਡਰੋਨ ਅਤੇ ਮਿਜ਼ਾਈਲ ਹਮਲਿਆਂ ਨੂੰ ਨਾਕਾਮ ਕੀਤਾ ਹੈ। ਦੇਰ ਰਾਤ ਪਾਕਿਸਤਾਨ ਵੱਲੋਂ ਜੰਮੂ ਹਵਾਈ ਪੱਟੀ ਤੇ ਜੰਮੂ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾ ਕੇ ਵੀ ਗੋਲੇ ਦਾਗੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਜੰਮੂ ਯੂਨੀਵਰਸਿਟੀ ਨੇੜੇ ਘੱਟੋ ਘੱਟ ਦੋ ਡਰੋਨ ਹੇਠਾਂ ਸੁੱਟ ਲਏ ਗਏ ਹਨ। ਪਾਕਿਸਤਾਨ ਦੇ ਹਮਲਿਆਂ ਤੋਂ ਬਾਅਦ ਜੰਮੂ, ਊਧਮਪੁਰ, ਮਾਤਾ ਵੈਸ਼ਨੋ ਦੇਵੀ ਮੰਦਰ ’ਚ ਬਲੈਕਆਊਟ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਪੰਜਾਬ ਦੇ ਫਿਰੋਜ਼ਪੁਰ ਤੇ ਰਾਜਸਥਾਨ ਤੇ ਜੈਸਲਮੇਰ ’ਚ ਧਮਾਕੇ ਹੋਣ ਦੀ ਸੂਚਨਾ ਮਿਲੀ ਹੈ ਜਿਸ ਮਗਰੋਂ ਪੰਜਾਬ, ਰਾਜਸਥਾਨ, ਗੁਜਰਾਤ ਦੇ ਸਰਹੱਦੀ ਜ਼ਿਲ੍ਹਿਆਂ ’ਚ ਬਲੈਕਆਊਟ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅੱਜ ਪੰਜਾਬ ਦੇ ਛੇ ਸਰਹੱਦੀ ਜ਼ਿਲ੍ਹਿਆਂ ਫਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ, ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ’ਚ ਸਾਰੇ ਸਕੂਲ ਬੰਦ ਰਹੇ। ਇਨ੍ਹਾਂ ਜ਼ਿਲ੍ਹਿਆਂ ’ਚ ਸਾਰੇ ਜਨਤਕ ਪ੍ਰੋਗਰਾਮ ਤੇ ਇਕੱਠ ਰੱਦ ਕਰ ਦਿੱਤੇ ਗਏ। ਇਸੇ ਤਰ੍ਹਾਂ ਰਾਜਸਥਾਨ ਦੇ ਸਾਰੇ ਸਕੂਲ, ਆਂਗਣਵਾੜੀ ਕੇਂਦਰ ਤੇ ਕੋਚਿੰਗ ਸੈਂਟਰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਜੋਧਪੁਰ, ਬੀਕਾਨੇਰ ਤੇ ਸ੍ਰੀ ਗੰਗਾਨਗਰ ਨੂੰ ਹਾਈ ਅਲਰਟ ’ਤੇ ਰੱਖਿਆ ਹੋਇਆ ਹੈ।