ਚੰਡੀਗੜ੍ਹ (ਨੈਸ਼ਨਲ ਟਾਈਮਜ਼): ਡਿਊਟੀ ਵਿੱਚ ਕੁਤਾਹੀ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ, ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਡੇਰਾਬੱਸੀ ਦੇ ਕਾਰਜ ਸਾਧਕ ਅਧਿਕਾਰੀ (ਈ.ਓ.) ਵਿਜੇ ਕੁਮਾਰ ਨੂੰ ਆਪਣੀਆਂ ਡਿਊਟੀਆਂ ਨਿਭਾਉਣ ਵਿੱਚ ਅਸਫਲ ਰਹਿਣ ਲਈ ਮੁਅੱਤਲ ਕਰ ਦਿੱਤਾ। ਡੇਰਾਬੱਸੀ ਦੌਰੇ ਦੌਰਾਨ ਮੰਤਰੀ ਜੀ ਨੇ ਕੰਮਾਂ ਵਿੱਚ ਕਾਫੀ ਲਾਪਰਵਾਹੀਆਂ ਵੇਖਿਆ।
ਡੇਰਾਬੱਸੀ ਵਿੱਚ ਸਫਾਈ ਕਾਰਜਾਂ ਦੇ ਅਚਨਚੇਤ ਨਿਰੀਖਣ ਦੌਰਾਨ, ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਜ਼ਮੀਨੀ ਹਕੀਕਤਾਂ ਅਤੇ ਸਫਾਈ ਪਹਿਲਕਦਮੀਆਂ ਵਿੱਚ ਪ੍ਰਗਤੀ ਦੀ ਘਾਟ ਪ੍ਰਤੀ ਅਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਈ.ਓ. ਨੂੰ ਅਗਲੇ ਨੋਟਿਸ ਤੱਕ ਸੈਕਟਰ-35-ਏ ਚੰਡੀਗੜ੍ਹ ਵਿੱਚ ਸਥਾਨਕ ਸਰਕਾਰਾਂ ਦੇ ਮੁੱਖ ਦਫਤਰ ਵਿੱਚ ਰਿਪੋਰਟ ਕਰਨ ਦੇ ਨਿਰਦੇਸ਼ ਵੀ ਦਿੱਤੇ।
ਇਹ ਫੈਸਲਾਕੁੰਨ ਕਦਮ ਜਵਾਬਦੇਹੀ ਅਤੇ ਕੁਸ਼ਲ ਜਨਤਕ ਸੇਵਾ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਡਾ. ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਨਾਗਰਿਕ ਜ਼ਿੰਮੇਵਾਰੀਆਂ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਧਿਕਾਰੀਆਂ ਨੂੰ ਜਨਤਾ ਨੂੰ ਸਫਾਈ ਸੇਵਾਵਾਂ ਦੀ ਤੁਰੰਤ ਅਤੇ ਪ੍ਰਭਾਵਸ਼ਾਲੀ ਡਿਲੀਵਰੀ ਯਕੀਨੀ ਬਣਾਉਣੀ ਚਾਹੀਦੀ ਹੈ।
ਮੰਤਰੀ ਦੇ ਦੌਰੇ ਨੂੰ ਦੇਖਦਿਆਂ ਅੱਧੀ ਰਾਤ ਨੂੰ ਚੁੱਕਵਾਈ ਗੰਦਗੀ:-
ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵੱਲੋਂ ਆਪਣੇ ਕੰਮ ਵਿੱਚ ਭਾਰੀ ਲਾਪ੍ਰਵਾਹੀ ਵਰਤੀ ਜਾ ਰਹੀ ਸੀ। ਸ਼ਹਿਰ ਵਿੱਚ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਹੋਏ ਸੀ ਅਤੇ ਨਕਸ਼ੇ ਪਾਸ ਕਰਨ ਦੇ ਕੰਮ ਵਿੱਚ ਵੀ ਭਾਰੀ ਲਾਪ੍ਰਵਾਹੀ ਵਰਤੀ ਜਾ ਰਹੀ ਸੀ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਸੀ। ਇਸਦੇ ਚਲਦਿਆਂ ਲੋਕਾਂ ਵੱਲੋਂ ਵਾਰ ਵਾਰ ਵਿਭਾਗ ਦੇ ਮੰਤਰੀ ਨੂੰ ਸ਼ਿਕਾਇਤ ਕੀਤੀ ਜਾ ਰਹੀ ਸੀ। ਮੰਤਰੀ ਦੇ ਦੌਰੇ ਨੂੰ ਦੇਖਦਿਆਂ ਰਾਤ ਨੂੰ ਹੀ ਕਾਰਜ ਸਾਧਕ ਅਫਸਰ ਵੱਲੋਂ ਟਿੱਪਰ ਮੰਗਵਾ ਕੇ ਗੰਦਗੀ ਦੇ ਢੇਰ ਚੁੱਕਵਾਏ ਗਏ ਜਿਸਦੀ ਸ਼ਹਿਰ ਵਾਸੀਆਂ ਵੱਲੋਂ ਫੋਟੋਆਂ ਵੀ ਮੰਤਰੀ ਨੂੰ ਪੇਸ਼ ਕੀਤੀ ਗਈਆਂ।
