ਮਰਨ ਉਪਰੰਤ ਰਣਜੀਤ ਸਿੰਘ ਦੋ ਨੇਤਰਹੀਣਾਂ ਦੀ ਜ਼ਿੰਦਗੀ ਕਰ ਗਏ ਰੌਸ਼ਨ

ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਵੱਲੋਂ 159 ਜਣਿਆਂ ਦੀਆਂ ਅੱਖਾਂ ਦਾਨ
ਡੇਰਾਬਸੀ, 22 ਮਈ :-ਡੇਰਾਬੱਸੀ ਦੇ ਸਾਧੂ ਨਗਰ ਦੇ 60 ਸਾਲਾ ਰਣਜੀਤ ਸਿੰਘ ਪੁੱਤਰ ਤੇਜਾ ਸਿੰਘ ਦੀਆਂ ਮਰਨ ਉਪਰੰਤ ਅੱਖਾਂ ਦਾਨ ਕੀਤੀਆਂ ਗਈਆਂ ਹਨ, ਇਸ ਨਾਲ ਦੋ ਲੋਕਾਂ ਦੀ ਹਨ੍ਹੇਰੀ ਜ਼ਿੰਦਗੀ ਵਿਚ ਰੌਸ਼ਨੀ ਆਵੇਗੀ। ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਡੇਰਾਬੱਸੀ ਦੀ ਪ੍ਰੇਰਨਾ ਸਦਕਾ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਹਨ।
ਭਾਰਤ ਵਿਕਾਸ ਪ੍ਰੀਸ਼ਦ ਤੋਂ ਉਪੇਸ਼ ਬੰਸਲ ਵੱਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦੇ ਸਪੁੱਤਰ ਹਰਇੰਦਰਜੀਤ ਸਿੰਘ ਨੇ ਆਪਣੇ ਪਿਤਾ ਦੀਆਂ ਅੱਖਾਂ ਦਾਨ ਕਰਨ ਦਾ ਫੈਸਲਾ ਲਿਆ। ਰਣਜੀਤ ਸਿੰਘ ਆਪਣੇ ਪਿਛੇ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੇ ਬੱਚੇ ਹਨ ਜਿਨ੍ਹਾਂ ਵਿਚੋਂ ਬੇਟਾ ਹਰਇੰਦਰਜੀਤ ਸਿੰਘ ਆਈ.ਟੀ. ਸੈਕਟਰ ਵਿਚ ਨੌਕਰੀ ਕਰਦਾ ਹੈ ਜਦਕਿ ਬੇਟੀ ਵਿਆਹੀ ਹੋਈ ਹੈ। ਉਨ੍ਹਾਂ ਵੱਲੋਂ ਅੱਖਾਂ ਦਾਨ ਕਰਨ ਨਾਲ ਦੋ ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਆਵੇਗੀ। ਉਪੇਸ਼ ਬੰਸਲ ਅਨੁਸਾਰ ਭਾਰਤ ਵਿਕਾਸ ਪ੍ਰੀਸ਼ਦ ਪਿਛਲੇ ਕਾਫੀ ਸਮੇਂ ਤੋਂ ਅੱਖਾਂ ਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਦੀ ਆ ਰਹੀ ਹੈ ਅਤੇ ਹੁਣ ਤੱਕ 159 ਲੋਕਾਂ ਦੀਆਂ ਅੱਖਾਂ ਦਾਨ ਕਰਵਾਈਆਂ ਜਾ ਚੁੱਕੀਆਂ ਹਨ। ਪ੍ਰੀਸ਼ਦ ਦੇ ਪ੍ਰਧਾਨ ਡਾਕਟਰ ਬਰਖਾ ਰਾਮ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਲੋਕਾਂ ਨੂੰ ਅੱਖਾਂ ਅਤੇ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਨ ਤਾਂ ਜੋ ਲੋੜਵੰਦਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੇ। ਉਨ੍ਹਾਂ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਪਿਛਲੇ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਵਿਚ ਜੁਟੀ ਹੋਈ ਹੈ। ਰਣਜੀਤ ਸਿੰਘ ਦੀ ਮੌਤ ਤੇ ਸਥਾਨਕ ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਅਤੇ ਸਿਆਸੀ ਆਗੂਆਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਦੇ ਸਸਕਾਰ ਮੌਕੇ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ।

By Gurpreet Singh

Leave a Reply

Your email address will not be published. Required fields are marked *