ਬਿਜਲੀ ਚੋਰੀ ਕਰਨ ਵਾਲਿਆਂ ਲਈ ਅਹਿਮ ਖ਼ਬਰ, ਵੱਡੀ ਕਾਰਵਾਈ ਕਰ ਰਿਹਾ ਪਾਵਰਕਾਮ

ਜਲੰਧਰ–ਕੁੰਡੀ ਨਾਲ ਸਿੱਧੀ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਵਿਭਾਗ ਨੇ ਤਿਆਰੀ ਖਿੱਚ ਲਈ ਹੈ। ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਬਿਜਲੀ ਚੋਰੀ ਦੇ ਵੱਖ-ਵੱਖ ਮਾਮਲਿਆਂ ਵਿਚ 8.39 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ, ਜਦਕਿ ਕਾਨੂੰਨੀ ਕਾਰਵਾਈ ਨੂੰ ਵੀ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ ਅਤੇ ਆਸ-ਪਾਸ ਦੇ ਸਰਕਲਾਂ ਵਿਚ ਯੋਜਨਾਬੱਧ ਤਰੀਕੇ ਨਾਲ ਛਾਪੇਮਾਰੀ ਕਰਦਿਆਂ 4 ਵੱਡੇ ਕੇਸ ਫੜੇ ਗਏ ਹਨ।

ਕੈਂਟ ਡਿਵੀਜ਼ਨ ਦੇ ਕਰੋਲ ਬਾਗ ਇਲਾਕੇ ਵਿਚ ਇਕ ਸੈਲੂਨ ਵੱਲੋਂ ਕੀਤੀ ਗਈ ਬਿਜਲੀ ਚੋਰੀ ਦੇ ਮਾਮਲੇ ਵਿਚ 3.74 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਉਕਤ ਵਿਅਕਤੀ ਵੱਲੋਂ ਐੱਲ. ਟੀ. ਲਾਈਨ ਤੋਂ 12 ਮੀਟਰ ਕੇਬਲ ਜੋੜ ਕੇ ਸਿੱਧੀ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਇਸੇ ਸੈਲੂਨ ਵਾਲੀ ਬਿਲਡਿੰਗ ਦੇ ਇਕ ਕਮਰੇ ਵਿਚ ਬਿਜਲੀ ਕੁਨੈਕਸ਼ਨ ਮੌਜੂਦ ਸੀ, ਜਿੱਥੇ ਘਰੇਲੂ ਵਰਤੋਂ ਲਈ ਸਿੱਧੀ ਤਾਰ ਜੋੜ ਕੇ ਏ. ਸੀ. ਚਲਾਇਆ ਜਾ ਰਿਹਾ ਸੀ, ਜਿਸ ਲਈ ਵੱਖਰਾ ਜੁਰਮਾਨਾ ਕੀਤਾ ਗਿਆ ਹੈ।

PunjabKesari

ਇਸੇ ਤਰ੍ਹਾਂ ਮਲਕੋ ਗੇਟ ਲਾਂਬੜਾ ਇਲਾਕੇ ਵਿਚ ਇਕ ਨਿਰਮਾਣ ਅਧੀਨ ਇਮਾਰਤ ਵਿਚ ਬਿਜਲੀ ਦੀ ਸਪਲਾਈ ਲਈ ਐੱਲ. ਟੀ. ਲਾਈਨ ਤੋਂ ਸਿੱਧੀ ਕੁੰਡੀ ਲਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਮੌਕੇ ’ਤੇ ਹੀ ਚੋਰੀ ਵਿਚ ਵਰਤੀ ਜਾ ਰਹੀ ਤਾਰ ਅਤੇ ਹੋਰ ਸਾਮਾਨ ਜ਼ਬਤ ਕਰਦੇ ਹੋਏ 1.73 ਲੱਖ ਦਾ ਜੁਰਮਾਨਾ ਠੋਕਿਆ ਗਿਆ। ਇਕ ਹੋਰ ਕੇਸ ਵਿਚ ਘਰੇਲੂ ਖ਼ਪਤਕਾਰ ਦੇ ਬਿਜਲੀ ਮੀਟਰ ਦੀ ਟਰਮੀਨਲ ਸੀਲ ਟੁੱਟੀ ਹੋਈ ਮਿਲੀ। ਜਾਂਚ ਵਿਚ ਸਾਹਮਣੇ ਆਇਆ ਕਿ ਮੀਟਰ ਨਾਲ ਆਉਣ-ਜਾਣ ਵਾਲੀਆਂ ਤਾਰਾਂ ਨੂੰ ਐਲੂਮੀਨੀਅਮ ਤਾਰ ਦੀ ਮਦਦ ਨਾਲ ਸਿੱਧਾ ਜੋੜ ਕੇ ਮੀਟਰ ਨੂੰ ਬਾਈਪਾਸ ਕੀਤਾ ਗਿਆ ਸੀ, ਜਿਸ ਨਾਲ ਖਪਤਕਾਰ ਵੱਲੋਂ ਬਿਨਾਂ ਮੀਟਰ ਦੇ ਬਿਜਲੀ ਵਰਤੀ ਜਾ ਰਹੀ ਸੀ। ਇਸ ’ਤੇ 4.05 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ। ਇਨ੍ਹਾਂ ਸਾਰੇ ਮਾਮਲਿਆਂ ਵਿਚ ਬਿਜਲੀ ਵਿਚ ਵਰਤੀਆਂ ਜਾ ਰਹੀਆਂ ਤਾਰਾਂ ਨੂੰ ਜ਼ਬਤ ਕਰ ਲਿਆ ਗਿਆ ਅਤੇ ਕੁੱਲ੍ਹ 8.39 ਲੱਖ ਦਾ ਜੁਰਮਾਨਾ ਲਗਾਇਆ ਗਿਆ।

By Gurpreet Singh

Leave a Reply

Your email address will not be published. Required fields are marked *