ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਵੱਡੀ ਕਾਰਵਾਈ ਬਾਰੇ ਅਸੀਂ ਜਾਣਦੇ ਹੀ ਹਾਂ। ਡੋਨਾਲਡ ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਵੱਡੀ ਗਿਣਤੀ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਸੈਂਕੜੇ ਭਾਰਤੀ ਵੀ ਸ਼ਾਮਲ ਸਨ ਜੋ ਕਿ ਅਮਰੀਕੀ ਫੌਜੀ ਜਹਾਜ਼ ਰਾਹੀਂ ਭਾਰਤ ਲਿਆਂਦੇ ਵੀ ਗਏ ਹਨ। ਹੁਣ ਅਮਰੀਕਾ ਤੋਂ ਬਾਅਦ ਉਸਦਾ ਗੁਆਂਢੀ ਦੇਸ਼ ਕੈਨੇਡਾ ਵੀ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖ਼ਤ ਕਾਰਵਾਈ ਕਰਦਾ ਨਜ਼ਰ ਆ ਰਿਹਾ ਹੈ।
ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਨੇ ਦੇਸ਼ ’ਚ ਰਹਿੰਦੇ ਗ਼ੈਰਕਾਨੂੰਨੀ ਲੋਕਾਂ ਨੂੰ ਡਿਪੋਰਟ ਕਰਨ ਲਈ 30 ਹਜ਼ਾਰ ਤੋਂ ਵੱਧ ਵਾਰੰਟ ਤਾਂ ਪਿਛਲੇ ਮਹੀਨੇ ਹਾਸਲ ਕਰ ਲਏ ਸਨ। ਹੁਣ ਦੋ ਕੁ ਹਫਤਿਆਂ ਤੋਂ ਫੜੋ ਫੜੀ ਵਿੱਚ ਤੇਜੀ ਲਿਆ ਕੇ ਵਾਪਸ ਭੇਜੇ ਜਾਣ ਦੀਆਂ ਸੂਚਨਾਵਾਂ ਹਨ।
ਬੇਸ਼ੱਕ Canada Border Services Agency ਨੇ ਇਹ ਗੱਲ ਸਪੱਸ਼ਟ ਕੀਤੀ ਹੋਈ ਹੈ ਕਿ ਗ਼ੈਰਕਾਨੂੰਨੀ ਰਹਿੰਦੇ ਅਤੇ ਅਪਰਾਧਕ ਸ਼ਮੂਲੀਅਤ ਵਾਲਿਆਂ ਤੇ ਜਿਨ੍ਹਾਂ ਦੀ ਰਾਜਸੀ ਸ਼ਰਨ ਦੀ ਮੰਗ ਠੁਕਰਾਈ ਜਾ ਚੁੱਕੀ ਹੈ, ਨੂੰ ਪਹਿਲ ਦੇ ਅਧਾਰ ‘ਤੇ ਵਾਪਸ ਭੇਜਿਆ ਹੀ ਜਾਣਾ ਹੈ। ਉੱਕਤ 30 ਹਜ਼ਾਰ ਵਾਲੀ ਸੂਚੀ ਵਿੱਚ 88 ਫੀਸਦ ਰੱਦ ਹੋਈਆਂ ਰਾਜਸੀ ਸ਼ਰਨ ਦਰਖਾਸਤਕਰਤਾ ਹਨ। ਹੋਰਾਂ ਵਿੱਚ ਪੜ੍ਹਾਈ ਵਿਚਾਲੇ ਛੱਡਣ ਵਾਲੇ ਸਟੱਡੀ ਵੀਜ਼ਾ ਧਾਰਕ, ਸੈਲਾਨੀ ਵੀਜ਼ੇ ਦੀ ਮਿਆਦ ਟਪਾ ਚੁੱਕੇ ਅਤੇ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਪੀਆਰ ਕਾਰਡਧਾਰਕ ਸ਼ਾਮਲ ਹਨ।
ਦੱਸ ਦਈਏ ਕਿ ਡਿਪੋਰਟੇਸ਼ਨ ਲਈ ਨੋਟਿਸ ਜਾਰੀ ਹੋਣ ਤੋਂ ਬਾਅਦ ਲਗਭਗ 30,000 ਵਿਅਕਤੀ ‘ਫਰਾਰ’ ਹੋ ਗਏ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਅੰਕੜਿਆਂ ਅਨੁਸਾਰ ਦੇਸ਼ ਨਿਕਾਲੇ ਦੇ ਆਦੇਸ਼ ਮਿਲਣ ਤੋਂ ਬਾਅਦ 29,731 ਲੋਕ ਫਰਾਰ ਹੋ ਗਏ ਹਨ। ਇਕੱਲੇ ਓਨਟਾਰੀਓ ਵਿੱਚ 21,325 ਵਿਅਕਤੀ ਫਰਾਰ ਹਨ। ਕਿਊਬੈਕ ਵਿੱਚ 6,109 ਵਿਅਕਤੀ ਹਨ, ਜਦੋਂ ਕਿ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਹੋਰ ਪ੍ਰਾਂਤਾਂ ਵਿੱਚ ਕਾਫ਼ੀ ਘੱਟ ਅੰਕੜੇ ਦਰਜ ਹਨ।
27,675 ਵਿਅਕਤੀ ਦੇਸ਼ ਨਿਕਾਲੇ ਦੇ ਅੰਤਿਮ ਪੜਾਵਾਂ ਵਿੱਚ ਹਨ।
378,320 ਵਿਅਕਤੀ ਨਿਗਰਾਨੀ ਅਧੀਨ ਹਨ, ਜਾਂ ਤਾਂ ਸ਼ਰਨਾਰਥੀ ਸਥਿਤੀ ਦੇ ਫੈਸਲਿਆਂ ਦੀ ਉਡੀਕ ਕਰ ਰਹੇ ਹਨ ਜਾਂ ਲਾਗੂ ਨਾ ਹੋਣ ਵਾਲੇ ਹਟਾਉਣ ਦੇ ਆਦੇਸ਼ਾਂ ਦਾ ਸਾਹਮਣਾ ਕਰ ਰਹੇ ਹਨ।
29,731 ਵਿਅਕਤੀ ਜਿਨ੍ਹਾਂ ਦਾ ਠਿਕਾਣਾ ਅਣਜਾਣ ਹੈ, ਫਰਾਰ ਹਨ।
ਕੈਨੇਡਾ ਨੇ 7622 ਮੈਕਸੀਕਨ, 3,955 ਭਾਰਤੀ, 1,785 ਸੰਯੁਕਤ ਰਾਜ, 1,516 ਚੀਨੀ, 864 ਵਿਅਕਤੀ ਪਾਕਿਸਤਾਨੀ ਤੋਂ ਅਤੇ ਨਾਈਜੀਰੀਆ ਦੇ 858 ਵਿਅਕਤੀਆਂ ਨੂੰ ਸਫਲਤਾਪੂਰਵਕ ਦੇਸ਼ ਨਿਕਾਲਾ ਦਿੱਤਾ ਹੈ।
