ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਮਰੀਕਾ ਦੀ ਅਦਾਲਤ ਦੇ ਉਸ ਫੈਸਲੇ ਦਾ ਸੁਆਗਤ ਕਰਦੇ ਹਨ ਜਿਸ ਵਿੱਚ ਡੌਨਲਡ ਟਰੰਪ ਵੱਲੋਂ ਲਾਏ ਗਏ ਕੁਝ ਟੈਰਿਫ਼ ਰੱਦ ਕਰ ਦਿੱਤੇ ਗਏ ਹਨ। ਅਦਾਲਤ ਨੇ ਕਿਹਾ ਕਿ ਟਰੰਪ ਨੇ ਆਪਣੀ ਸੰਵਿਧਾਨਕ ਸ਼ਕਤੀ ਤੋਂ ਅੱਗੇ ਜਾ ਕੇ ਇਹ ਟੈਰਿਫ਼ ਲਾਏ ਸਨ।
ਕਾਰਨੀ ਨੇ ਕਿਹਾ ਕਿ ਇਹ ਫੈਸਲਾ ਕੈਨੇਡਾ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਰਾਏ ਨਾਲ ਮੇਲ ਖਾਂਦਾ ਹੈ ਕਿ ਟਰੰਪ ਵੱਲੋਂ ਲਾਏ ਗਏ ਇਹ ਟੈਰਿਫ਼ ਗ਼ੈਰ-ਕਾਨੂੰਨੀ ਅਤੇ ਗ਼ੈਰ-ਵਾਜਬ ਸਨ।
ਪਰ ਉਨ੍ਹਾਂ ਨੇ ਆਗਾਹ ਕੀਤਾ ਕਿ ਇਹ ਅਦਾਲਤੀ ਫੈਸਲਾ ਸਿਰਫ ਕੁਝ ਟੈਰਿਫ਼ਾਂ ਨੂੰ ਹੀ ਰੱਦ ਕਰਦਾ ਹੈ – ਉਹ ਟੈਰਿਫ਼ ਜੋ ਬਾਰਡਰ ਸੁਰੱਖਿਆ ਦੇ ਨਾਂ ਤੇ ਲਾਏ ਗਏ ਸਨ, ਹੁਣ ਰੋਕੇ ਜਾ ਸਕਦੇ ਹਨ। ਪਰ ਕੈਨੇਡਾ ਦੇ ਸਟੀਲ, ਐਲੂਮੀਨਮ ਅਤੇ ਕਾਰਾਂ ‘ਤੇ ਲਾਏ ਹੋਰ ਟਰੰਪ ਦੇ ਟੈਰਿਫ਼ ਇਸ ਫੈਸਲੇ ਦਾ ਹਿੱਸਾ ਨਹੀਂ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਟਰੰਪ ਵੱਲੋਂ ਲਾਏ ਜਿਹੜੇ ਹੋਰ ਟੈਰਿਫ਼ ਬਾਕੀ ਰਹਿ ਗਏ ਹਨ — ਜਿਨ੍ਹਾਂ ਨੂੰ ਸੈਕਸ਼ਨ 232 ਟੈਰਿਫ਼ ਕਿਹਾ ਜਾਂਦਾ ਹੈ (ਕਿਉਂਕਿ ਇਹ ਅਮਰੀਕੀ ਕਾਨੂੰਨ ਦੇ ਸੈਕਸ਼ਨ 232 ਹੇਠ ਲਾਏ ਗਏ ਹਨ ਜੋ ਰਾਸ਼ਟਰੀ ਸੁਰੱਖਿਆ ਦੇ ਨਾਂ ‘ਤੇ ਲਾਗੂ ਹੁੰਦੇ ਹਨ) – ਉਹ ਵੀ ਗ਼ੈਰ-ਕਾਨੂੰਨੀ ਅਤੇ ਗ਼ੈਰ-ਵਾਜਬ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਟਰੰਪ ਇਹੀ ਕਾਨੂੰਨ ਵਰਤ ਕੇ ਕੈਨੇਡਾ ਦੇ ਹੋਰ ਖੇਤਰਾਂ, ਜਿਵੇਂ ਕਿ ਲੱਕੜ, ਸੈਮੀਕੰਡਕਟਰ ਅਤੇ ਦਵਾਈਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ।
ਅਮਰੀਕਾ ਦੀ ਕੋਰਟ ਆਫ਼ ਇੰਟਰਨੈਸ਼ਨਲ ਟ੍ਰੇਡ ਨੇ ਬੁੱਧਵਾਰ ਨੂੰ ਟਰੰਪ ਦੀ ਵਪਾਰ ਨੀਤੀ ਨੂੰ ਵੱਡਾ ਝਟਕਾ ਦਿੱਤਾ, ਜਦੋਂ ਉਸਨੇ ਇਹ ਫੈਸਲਾ ਦਿੱਤਾ ਕਿ ਟਰੰਪ ਕੋਲ ਇਹ ਅਧਿਕਾਰ ਨਹੀਂ ਸੀ ਕਿ ਉਹ ਲਗਭਗ ਹਰ ਦੇਸ਼ ‘ਤੇ ਟੈਰਿਫ਼ ਲਾ ਸਕੇ। ਅਦਾਲਤ ਨੇ ਕਿਹਾ ਕਿ ਟੈਰਿਫ਼ ਲਾਉਣਾ ਆਮ ਤੌਰ ‘ਤੇ ਪਾਰਲੀਮੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ।
ਇਹ ਫੈਸਲਾ ਉਹ ਟੈਰਿਫ਼ ਵੀ ਰੱਦ ਕਰਦਾ ਹੈ ਜੋ ਕੈਨੇਡਾ ‘ਤੇ ਫੈਂਟਾਨਿਲ ਅਤੇ ਪਰਵਾਸੀਆਂ ਨੂੰ ਰੋਕਣ ਦੇ ਨਾਂ ‘ਤੇ ਲਾਏ ਗਏ ਸਨ। ਅਦਾਲਤ ਨੇ ਕਿਹਾ ਕਿ International Emergency Economic Powers Act ਤਹਿਤ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਕੇ ਵਪਾਰ ਸਬੰਧੀ ਕਾਰਵਾਈ ਕਰਨਾ ਗਲਤ ਸੀ ਕਿਉਂਕਿ ਇਨ੍ਹਾਂ ਟੈਰਿਫ਼ਾਂ ਅਤੇ ਜਿਸ ਸਮੱਸਿਆ ਨੂੰ ਟਰੰਪ ਹੱਲ ਕਰਨਾ ਚਾਹੁੰਦੇ ਹਨ ਵਿਚਕਾਰ ਕੋਈ ਸਿੱਧਾ ਸੰਬੰਧ ਨਹੀਂ ਸੀ।
ਅਦਾਲਤ ਨੇ ਫੈਸਲੇ ਵਿਚ ਕਿਹਾ ਕਿ ਉਹ ਇਸ ਚੀਜ਼ ‘ਤੇ ਫ਼ੈਸਲਾ ਨਹੀਂ ਦੇ ਰਹੀ ਕਿ ਟੈਰਿਫ਼ਾਂ ਨੂੰ ਵਰਤਣਾ ਮੂਰਖਾਨਾ ਜਾਂ ਘੱਟ ਪ੍ਰਭਾਵਸ਼ਾਲੀ ਫ਼ੈਸਲਾ ਸੀ ਜਾਂ ਨਹੀਂ, ਸਗੋਂ ਅਦਾਲਤ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਦੀ ਆਗਿਆ ਨਹੀਂ ਹੈ ਕਿਉਂਮਕਿ ਕਾਨੂੰਨ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ।
ਹਾਲਾਂਕਿ, ਵ੍ਹਾਈਟ ਹਾਊਸ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਇਹ ਫੈਸਲਾ ਉੱਚ ਅਦਾਲਤ ਵਿੱਚ ਚੈਲੰਜ ਕੀਤਾ ਜਾਵੇਗਾ।
