ਦੁੱਧ ਉਤਪਾਦਨ ’ਚ ਆਈ ਵੱਡੀ ਗਿਰਾਵਟ, ਕਾਰਨ ਜਾਣ ਹੋਵੋਗੇ ਹੈਰਾਨ

ਗੁਰਦਾਸਪੁਰ –ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿਚ ਨਿਰੰਤਰ ਹੋ ਰਿਹਾ ਵਾਧਾ ਅਤੇ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲ ਰਹੀ ਹੀਟ ਵੇਵ ਨੇ ਜਿਥੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ, ਉਥੇ ਅੱਤ ਦੀ ਗਰਮੀ ਵਾਲਾ ਇਹ ਮੌਸਮ ਦੁਧਾਰੂ ਪਸ਼ੂਆਂ ਲਈ ਵੀ ਬੇਹੱਦ ਖਤਰਨਾਕ ਸਿੱਧ ਹੋ ਰਿਹਾ ਹੈ। ਪਸ਼ੂਆਂ ਉਪਰ ਨਿਰੰਤਰ ਵੱਧ ਰਹੀ ਗਰਮੀ ਦਾ ਅਸਰ ਇਸ ਹੱਦ ਤੱਕ ਪੈ ਰਿਹਾ ਹੈ ਕਿ ਦੁਧਾਰੂ ਪਸ਼ੂਆਂ ਦੇ ਦੁੱਧ ਉਤਪਾਦਨ ਵਿਚ ਵੀ ਗਿਰਾਵਟ ਆ ਗਈ ਹੈ। ਇਥੇ ਹੀ ਬੱਸ ਨਹੀਂ ਵੈਟਰਨਰੀ ਡਾਕਟਰਾਂ ਨੇ ਪਸ਼ੂ ਪਾਲਕਾਂ ਨੂੰ ਸੁਚੇਤ ਕੀਤਾ ਹੈ ਕਿ ਜੇਕਰ ਗਰਮੀ ਦੇ ਦਿਨਾਂ ’ਚ ਪਸ਼ੂਆਂ ਦੀ ਸੰਭਾਲ ਵਿਚ ਲਾਪਰਵਾਹੀ ਵਰਤੀ ਤਾਂ ਪਸ਼ੂਆਂ ਦੀ ਸਿਹਤ ਕਾਫੀ ਵਿਗੜ ਸਕਦੀ ਹੈ ਅਤੇ ਨਤੀਜੇ ਵਜੋਂ ਪਸ਼ੂਆਂ ਦੀ ਮੌਤ ਤੱਕ ਦੀ ਨੌਬਤ ਆ ਸਕਦੀ ਹੈ।

ਪਸ਼ੂਆਂ ਵਿਚ ਤੇਜ਼ੀ ਨਾਲ ਵਧ ਰਹੀ ਹੈ ਹੀਟ ਸਟਰੈਸ

ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਦੇ ਸੀਨੀਅਰ ਵੈਟਰਨਰੀ ਅਫਸਰ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਧਰਤੀ ’ਤੇ ਮੌਜੂਦ ਹਰੇਕ ਤਰ੍ਹਾਂ ਦੇ ਜੀਵ-ਜੰਤੂ ਜਾਂ ਬਨਸਪਤੀ ਉਪਰ ਗਰਮੀ ਦਾ ਵੱਡਾ ਅਸਰ ਹੁੰਦਾ ਹੈ ਪਰ ਦੁਧਾਰੂ ਪਸ਼ੂਆਂ ਲਈ ਇਹ ਮੌਸਮ ਹੋਰ ਵੀ ਨੁਕਸਾਨਦੇਹ ਸਿੱਧ ਹੁੰਦਾ ਹੈ। ਇਸ ਲਈ ਦੁਧਾਰੂ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਸਮੇਂ ਸਿਰ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪਸ਼ੂ ਦੁੱਧ ਦੇਣਾ ਘੱਟ ਕਰ ਦਿੰਦੇ ਹਨ ਅਤੇ ਪਸ਼ੂਆਂ ਦੀ ਸਿਹਤ ਖਰਾਬ ਹੋਣ ਕਾਰਨ ਮੌਤ ਤੱਕ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਹੁਣ ਜੂਨ ਮਹੀਨੇ ’ਚ ਤਾਪਮਾਨ 40 ਤੋਂ 45 ਡਿਗਰੀ ਪਹੁੰਚਣ ਕਾਰਨ ਪਸ਼ੂਆਂ ਵਿਚ ਹੀਟ ਸਟਰੈਸ ਵਧੇਗੀ, ਜਿਸਦਾ ਅਸਰ ਪਸ਼ੂਆਂ ਦੀ ਸਿਹਤ ਅਤੇ ਦੁੱਧ ਉਤਪਾਦਨ ’ਤੇ ਪੈਣਾ ਸ਼ੁਭਾਵਿਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਦੁੱਧ ਦੇਣ ਵਾਲੇ ਪਸ਼ੂਆਂ ਵਿਚ ਮੁੱਖ ਤੌਰ ’ਤੇ ਮੱਝਾਂ, ਗਾਵਾਂ ਅਤੇ ਬੱਕਰੀਆਂ ਹਨ, ਜਿਨ੍ਹਾਂ ’ਚੋਂ ਗਾਵਾਂ ਦੀਆਂ ਦੇਸੀ ਨਸਲਾਂ ਦੀ ਬਜਾਏ ਹੁਣ ਪਸ਼ੂ ਪਾਲਕ ਵਲੈਤੀ ਗਾਵਾਂ ਪਾਲਣ ਨੂੰ ਤਰਜੀਹ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਦੇਸੀ ਗਾਵਾਂ ਤਾਂ ਗਰਮੀ ਸਹਿਣ ਕਰ ਲੈਂਦੀਆਂ ਸਨ ਪਰ ਵਲੈਤੀ ਗਾਵਾਂ ਉਪਰ ਗਰਮੀ ਦਾ ਪ੍ਰਕੋਪ ਜ਼ਿਆਦਾ ਅਸਰ ਕਰਦਾ ਹੈ। ਇਸੇ ਤਰ੍ਹਾਂ ਮੱਝਾ ਦਾ ਸਰੀਰ ਕਾਲਾ ਹੋਣ ਕਾਰਨ ਉਨ੍ਹਾਂ ਨੂੰ ਗਰਮੀ ਜ਼ਿਆਦਾ ਲੱਗਦੀ ਹੈ ਅਤੇ ਮੱਝਾ ਪਾਣੀ ’ਚ ਰਹਿਣਾ ਪਸੰਦ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਹੀਟ ਸਟਰੈਸ ਹੋਣ ਕਰ ਕੇ ਮੱਝਾ-ਗਾਵਾਂ ਛਾਂ ’ਚ ਰਹਿਣਾ ਪਸੰਦ ਕਰਦੀਆਂ ਹਨ ਅਤੇ ਪੱਠੇ ਖਾਣੇ ਘੱਟ ਕਰ ਦਿੰਦੀਆਂ ਹਨ।

ਇਸਦੇ ਨਾਲ ਹੀ ਸਾਹ ਦੀ ਸਮੱਸਿਆ ਵੀ ਪੈਦਾ ਹੋਣ ਦਾ ਡਰ ਵਧ ਜਾਂਦਾ ਹੈ। ਅਜਿਹੀ ਸਥਿਤੀ ’ਚ ਉਨ੍ਹਾਂ ਦੇ ਸਰੀਰ ’ਤੇ ਪ੍ਰਭਾਵ ਪੈਂਦਾ ਹੈ ਅਤੇ ਨਤੀਜੇ ਵਜੋਂ ਦੁੱਧ ਘਟ ਜਾਂਦਾ ਹੈ। ਇਸ ਲਈ ਪਸ਼ੂ ਪਾਲਕਾਂ ਨੂੰ ਚਾਹੀਦਾ ਹੈ ਕਿ ਗਰਮੀ ਦੇ ਦਿਨਾਂ ’ਚ ਪਸ਼ੂਆਂ ਦਾ ਜਿਆਦਾ ਧਿਆਨ ਰੱਖਿਆ ਜਾਵੇ।

ਬਚਾਅ ਲਈ ਚੁੱਕੇ ਜਾਣ ਢੁਕਵੇਂ ਕਦਮ

ਡਾ. ਗੁਰਦੇਵ ਸਿੰਘ ਨੇ ਕਿਹਾ ਕਿ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਪਸ਼ੂ ਪਾਲਨ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉਸਦੇ ਨਾਲ ਹੀ ਲੋੜੀਂਦੀ ਵੈਕਸੀਨ ਅਤੇ ਕਿਰਮ ਰਹਿਤ ਕਰਨ ਦੀ ਦਵਾਈ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਮਾਡਰਨ ਸ਼ੈੱਡ ਜਰੂਰ ਬਣਾਉਣ ਅਤੇ ਜੇਕਰ ਅਜਿਹਾ ਸੰਭਵ ਨਹੀਂ ਹੈ ਤਾਂ ਕਿਸਾਨ ਘੱਟੋ-ਘੱਟ ਪਸ਼ੂਆਂ ਦੀਆਂ ਸ਼ੈਡਾਂ ਵਿਚ ਪੱਖਿਆਂ/ਕੂਲਰ ਦਾ ਇੰਤਜਾਮ ਜ਼ਰੂਰ ਕਰਨ। ਜੇਕਰ ਪੱਖੇ ਵੀ ਨਾ ਲਗਾਏ ਜਾ ਸਕਣ ਤਾਂ ਪਸ਼ੂਆਂ ਵਾਸਤੇ ਛੋਟਾ ਤਲਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਜਿਨ੍ਹਾਂ ਵੀ ਸੰਭਵ ਹੋ ਸਕੇ, ਪਸ਼ੂਆਂ ਨੂੰ ਛਾਂ ’ਚ ਰੱਖਿਆ ਜਾਵੇ। ਜੇਕਰ ਪਸ਼ੂਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਨੇੜਲੇ ਵੈਟਰਨਰੀ ਅਫਸਰ ਨਾਲ ਸੰਪਰਕ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਪਸ਼ੂਆਂ ਨੂੰ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਹੀ ਚਾਰਾ ਪਾ ਦਿੱਤਾ ਜਾਵੇ ਕਿਉਂਕਿ ਧੁੱਪ ਚੜਨ ਦੀ ਸੂਰਤ ਵਿਚ ਜਦੋਂ ਪੱਠੇ ਪਾਏ ਜਾਂਦੇ ਹਨ ਤਾਂ ਪਸ਼ੂਆਂ ਵਿਚ ਤਾਪਮਾਨ ਹੋਰ ਜਿਆਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਸ਼ੂ ਪਾਲਕ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਛਾਵਰ, ਪੱਖੇ ਕੂਲਰ ਆਦਿ ਦਾ ਪ੍ਰਬੰਧ ਕਰ ਰਹੇ ਹਨ, ਉਨ੍ਹਾਂ ਪਸ਼ੂਆਂ ਦੇ ਦੁੱਧ ਉਤਪਾਦਨ ਵਿਚ ਕਮੀ ਨਹੀਂ ਆਈ ਪਰ ਜਿਥੇ ਅਜਿਹੇ ਪ੍ਰਬੰਧ ਨਹੀਂ ਹਨ ਉਥੇ ਪਸ਼ੂਆਂ ਦੇ ਦੁੱਧ ਵਿਚ 2 ਤੋਂ 4 ਕਿਲੋ ਗਿਰਾਵਟ ਆਈ ਹੈ। ਖਾਸ ਤੌਰ ’ਤੇ ਐੱਚ. ਐੱਫ. ਗਾਵਾਂ ਅਤੇ ਮੱਝਾਂ ਜ਼ਿਆਦਾ ਗਰਮੀ ਨਹੀਂ ਸਹਿਣ ਕਰਦੀਆਂ, ਜਿਸ ਕਾਰਨ ਗਰਮੀ ਦਾ ਜ਼ਿਆਦਾ ਅਸਰ ਇਨ੍ਹਾਂ ਕਿਸਮਾਂ ਦੇ ਦੁੱਧ ਉਤਪਾਦਨ ’ਤੇ ਪੈਂਦਾ ਹੈ।

ਅੱਗ ਤੋਂ ਬਚਾਅ ਲਈ ਵੀ ਸੁਚੇਤ ਹੋਣ ਦੀ ਲੋੜ

ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਗਰਮੀ ਨਾਲ ਦੁੱਧ ਤਾਂ ਘੱਟ ਹੀ ਰਿਹਾ ਹੈ, ਸਗੋਂ ਇਨ੍ਹਾਂ ਦਿਨਾਂ ਵਿਚ ਪਸ਼ੂਆਂ ਦੇ ਸ਼ੈਡਾਂ ਨੂੰ ਅੱਗ ਲੱਗਣ ਦਾ ਖਤਰਾ ਵੀ ਮੰਡਰਾਉਂਦਾ ਹੈ। ਆਮ ਤੌਰ ’ਤੇ ਪਸ਼ੂਆਂ ਦੇ ਸ਼ੈੱਡਾਂ ’ਚ ਸੁੱਕਾ ਚਾਰਾ, ਬਾਲਣ ਅਤੇ ਅਜਿਹਾ ਹੋਰ ਸਾਮਾਨ ਪਿਆ ਰਹਿੰਦਾ ਹੈ ਅਤੇ ਕਈ ਵਾਰ ਬਿਜਲੀ ਦੇ ਸ਼ਾਰਟ ਸਰਕਟ ਜਾਂ ਅੱਗ ਦੀ ਮਾਮੂਲੀ ਚਿੰਗਾੜੀ ਵੀ ਵੱਡੀ ਅੱਗ ਜਨੀ ਦਾ ਕਾਰਨ ਬਣ ਜਾਂਦੀ ਹੈ।

By Gurpreet Singh

Leave a Reply

Your email address will not be published. Required fields are marked *