ਕਮਲ ਕੌਰ ਭਾਬੀ ਕਤਲ ਮਾਮਲਾ ਸੁਲਝਿਆ: ਦੋ ਨਿਹੰਗ ਗ੍ਰਿਫ਼ਤਾਰ, ਮਾਸਟਰਮਾਈਂਡ ਅਮ੍ਰਿਤਪਾਲ ਅਜੇ ਵੀ ਫਰਾਰ

ਬਠਿੰਡਾ (ਗੁਰਪ੍ਰੀਤ ਸਿੰਘ) : ਪੰਜਾਬ ਦੀ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਕੰਜਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੋ ਦੋਸ਼ੀਆਂ ਜਸਪਰੀਤ ਸਿੰਘ (ਮੋਗਾ) ਤੇ ਨਿਮਰਤਜੀਤ ਸਿੰਘ (ਤਰਨਤਾਰਨ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਮਾਮਲੇ ਦਾ ਮਾਸਟਰਮਾਈਂਡ ਅਮ੍ਰਿਤਪਾਲ ਸਿੰਘ ਅਜੇ ਵੀ ਫਰਾਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ।

ਪੁਲਿਸ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਕੰਜਨ ਆਪਣਾ ਨਾਂ ਬਦਲ ਕੇ ਕਮਲ ਕੌਰ ਰਖ ਕੇ ਨੌਜਵਾਨ ਪੀੜ੍ਹੀ ਨੂੰ ਗਲਤ ਰਾਹ ਪਾ ਰਹੀ ਸੀ। ਉਸਨੂੰ ਪਹਿਲਾਂ ਵੀ ਸਮਝਾਇਆ ਸੀ ਪਰ ਉਹ ਨਾ ਮੰਨੀ।

ਉਹਨਾਂ ਨੇ ਕਾਰ ਖ਼ਰਾਬ ਹੋਣ ਦਾ ਬਹਾਨਾ ਬਣਾਇਆ ਤੇ ਉਸਨੂੰ ਗੈਰੇਜ ਲੈ ਗਏ ਤੇ ਉਥੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਹੱਤਿਆਕਾਂਡ ਦੇ ਮਾਸਟਰਮਾਈਂਡ ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਹਾਲੇ ਨਹੀਂ ਹੋਈ। ਉਸਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਸੰਬੰਧ ਵਿੱਚ ਐਸਐਸਪੀ ਅਮਨੀਤ ਕੌਂਡਲ ਨੇ ਸ਼ੁੱਕਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐਸਪੀ ਸਿਟੀ ਨਰਿੰਦਰ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਵਿਸ਼ੇਸ਼ ਟੀਮ ਨੇ ਮਾਮਲੇ ਦੀ ਗੁੱਥੀ ਸੁਲਝਾਈ। ਇਸ ਟੀਮ ਵਿੱਚ ਡੀਐਸਪੀ ਮਨਜੀਤ ਸਿੰਘ (ਮਰਡਰ ਤੇ ਫੋਰੇਨਜ਼ਿਕ) ਅਤੇ ਕੈਂਟ ਥਾਣਾ ਪੁਲਿਸ ਪਾਰਟੀ ਸ਼ਾਮਲ ਸੀ।

ਉਹਨਾਂ ਦੱਸਿਆ ਕਿ 11 ਜੂਨ 2025 ਨੂੰ ਬਠਿੰਡਾ ਕੰਟਰੋਲ ਰੂਮ ਵਿੱਚ ਫ਼ੋਨ ਆਇਆ ਕਿ ਆਦੇਸ਼ ਹਸਪਤਾਲ ਭੁੱਚੋ ਮੰਡੀ ਦੀ ਪਾਰਕਿੰਗ ਵਿਚ ਖੜੀ ਇਕ ਕਾਰ ਤੋਂ ਬਦਬੂ ਆ ਰਹੀ ਹੈ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕਾਰ (ਈਓਐਨ ਨੰਬਰ ਪੀਬੀ-10-ਐਫਡਬਲਯੂ-9179) ਦੀ ਜਾਂਚ ਕੀਤੀ। ਫੋਰੇਨਜ਼ਿਕ ਟੀਮ ਨੂੰ ਬੁਲਾ ਕੇ ਜਾਂਚ ਕੀਤੀ ਗਈ। ਕਾਰ ਦੀ ਪਿੱਛਲੀ ਸੀਟ ਉੱਤੇ 30-35 ਸਾਲ ਦੀ ਔਰਤ ਦੀ ਅੱਧ ਜਲੀ ਲਾਸ਼ ਮਿਲੀ।

ਲਾਸ਼ ਦੀ ਪਛਾਣ ਨਾ ਹੋਣ ਕਰਕੇ ਉਸਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ। 12 ਜੂਨ ਨੂੰ ਮ੍ਰਿਤਕ ਦੀ ਮਾਤਾ ਗਿਰਜਾ ਦੇਵੀ ਨਿਵਾਸੀ ਲੁਧਿਆਣਾ ਨੇ ਲਾਸ਼ ਦੀ ਪਛਾਣ ਕੀਤੀ। ਉਸਨੇ ਬਿਆਨ ਦਿੱਤਾ ਕਿ ਉਸਦੀ ਧੀ ਕੰਜਨ ਕੁਮਾਰੀ (ਉਮਰ 30 ਸਾਲ) ਜੋ ਇੰਸਟਾਗ੍ਰਾਮ ਉੱਤੇ “ਕਮਲ ਕੌਰ ਭਾਬੀ” ਦੇ ਨਾਂ ਨਾਲ ਵੀਡੀਓ ਪੋਸਟ ਕਰਦੀ ਸੀ, ਅਕਸਰ ਰੀਲ ਬਣਾਉਣ ਲਈ ਘਰੋਂ ਬਾਹਰ ਜਾਂਦੀ ਸੀ।

8 ਜੂਨ 2025 ਨੂੰ ਲੁਧਿਆਣਾ ਦੇ ਲਕਸ਼ਮਣ ਨਗਰ ਵਿਚ ਉਸਦੇ ਘਰ ਅਮ੍ਰਿਤਪਾਲ ਸਿੰਘ ਆਇਆ। ਉਸਨੇ ਕੰਜਨ ਨੂੰ ਕਿਹਾ ਕਿ ਬਠਿੰਡਾ ਪ੍ਰੀ-ਵੇਡਿੰਗ ਸ਼ੂਟ ਲਈ ਜਾਣਾ ਹੈ ਪਰ ਕੰਜਨ ਨੇ ਇਨਕਾਰ ਕਰ ਦਿੱਤਾ। 9 ਜੂਨ ਨੂੰ ਅਮ੍ਰਿਤਪਾਲ ਨੇ ਉਸਨੂੰ ਮੁੜ ਫੋਨ ਕੀਤਾ। ਕੰਜਨ ਦੁਪਹਿਰ 3:30 ਵਜੇ ਆਪਣੀ ਕਾਰ ਵਿਚ ਘਰੋਂ ਨਿਕਲੀ ਤੇ ਦੱਸਿਆ ਕਿ ਬਠਿੰਡਾ ਜਾ ਰਹੀ ਹੈ ਪਰ ਉਸ ਰਾਤ 11 ਵਜੇ ਬਾਅਦ ਉਹਦੀ ਮਾਂ ਨਾਲ ਕੋਈ ਸੰਪਰਕ ਨਹੀਂ ਹੋਇਆ।

ਪੁਲਿਸ ਜਾਂਚ ਦੌਰਾਨ ਪਤਾ ਲੱਗਿਆ ਕਿ ਜਸਪਰੀਤ ਤੇ ਨਿਮਰਤਜੀਤ ਨੇ ਕਾਰ ਕਿਰਾਏ ‘ਤੇ ਲੈਣ ਦੇ ਬਹਾਨੇ ਉਸਨੂੰ ਬਠਿੰਡਾ ਲਿਆਂਦਾ। ਕਾਰ ਗੈਰੇਜ ਵਿਚ ਖੜੀ ਕਰਕੇ ਰਿਪੇਅਰ ਕਰਵਾਈ। ਰਾਤ 1 ਵਜੇ ਦੇ ਲਗਭਗ ਸੁੰਨ-ਸਨਟ ਜਗ੍ਹਾ ਲੈ ਗਏ ਤੇ ਕੰਜਨ ਦਾ ਗਲਾ ਘੁੱਟ ਕੇ ਕਤਲ ਕੀਤਾ।

ਲਾਸ਼ ਕਾਰ ਵਿੱਚ ਰੱਖ ਕੇ ਆਦੇਸ਼ ਹਸਪਤਾਲ ਪਾਰਕਿੰਗ ਵਿੱਚ ਛੱਡ ਕੇ ਭੱਜ ਗਏ।

ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਦੋਸ਼ੀਆਂ ਨੇ ਦੱਸਿਆ ਕਿ ਇਹ ਸਭ ਅਮ੍ਰਿਤਪਾਲ ਦੇ ਕਹਿਣ ਉੱਤੇ ਕੀਤਾ।

ਕੰਜਨ ਸ਼ਾਨਦਾਰ ਜੀਵਨ ਦੀ ਸ਼ੌਕੀਨ ਸੀ। ਵੱਡੇ ਹੋਟਲਾਂ, ਸਲੂਨਾਂ ਤੇ ਸ਼ੋੁਰੂਮਾਂ ਤੋਂ ਖਰੀਦਦਾਰੀ ਕਰਦੀ ਸੀ। ਖਰੀਦਦਾਰੀ ਵੇਲੇ ਲੇਡਿਜ਼ ਅੰਡਰ ਗਾਰਮੈਂਟਸ ‘ਤੇ ਵੀ ਕਾਂਟੈਂਟ ਬਣਾਕੇ ਪੋਸਟ ਕਰਦੀ ਸੀ।

By Gurpreet Singh

Leave a Reply

Your email address will not be published. Required fields are marked *