ਹੈਪੀ ਪਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਤਵਾਦੀ ਪੰਨੂ ਅਗਵਾਨ ਹੋਇਆ ਸਰਗਰਮ, ਫੰਡਿੰਗ ’ਚ ਨਿਭਾਅ ਰਿਹੈ ਅਹਿਮ ਭੂਮਿਕਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਦੋ ਦਰਜਨ ਤੋਂ ਵੱਧ ਥਾਣਿਆਂ ‘ਤੇ ਗ੍ਰਨੇਡ ਹਮਲੇ ਕਰਨ ਦੇ ਦੋਸ਼ੀ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਹੈਪੀ ਪਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਸਵਿੰਦਰ ਸਿੰਘ ਉਰਫ਼ ਮੰਨੂ ਅਗਵਾਨ ਪੰਜਾਬ ਵਿਚ ਆਪਣਾ ਨੈੱਟਵਰਕ ਤਿਆਰ ਕਰ ਰਿਹਾ ਹੈ। ਦਿਹਾੜੀਦਾਰ ਮਜ਼ਦੂਰ ਦੇ ਪੁੱਤਰ ਮੰਨੂ ਦਾ ਸਬੰਧ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਦੇ ਨੇੜੇ ਅਗਵਾਨ ਪਿੰਡ ਨਾਲ ਹੈ। ਉਸਦਾ ਨਾਮ ਪੰਜਾਬ ਵਿਚ ਹਾਲ ਹੀ ਵਿਚ ਹੋਏ ਗ੍ਰਨੇਡ ਹਮਲਿਆਂ ਦੀਆਂ ਘਟਨਾਵਾਂ ਵਿਚ ਸਾਹਮਣੇ ਆਇਆ ਹੈ, ਜਿੱਥੇ ਉਸ ‘ਤੇ ਵਿਦੇਸ਼ ਤੋਂ ਅੱਤਵਾਦੀ ਸਰਗਰਮੀਆਂ ਦੀ ਫੰਡਿੰਗ, ਯੋਜਨਾ ਅਤੇ ਨਿਰਦੇਸ਼ਨ ਦਾ ਦੋਸ਼ ਲਗਾਇਆ ਗਿਆ ਹੈ। ਪੰਜਾਬ ਪੁਲਿਸ ਅਨੁਸਾਰ, ਮੰਨੂ ਮਾਰਚ 2020 ਵਿਚ ਸਰਬੀਆ ਗਿਆ ਸੀ ਅਤੇ ਇਸ ਸਮੇਂ ਉਹ ਯੂਰਪ ਵਿਚ ਰਹਿ ਰਿਹਾ ਹੈ।

ਪਿਛਲੇ ਦਿਨੀਂ ਪਾਕਿਸਤਾਨ ਸਮਰਥਤ ਬੀਕੇਆਈ ਦੇ ਅੱਤਵਾਦੀ ਮਾਡਿਊਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੰਨੂ ਦੀਆਂ ਸਰਗਰਮੀਆਂ ਦਾ ਪਤਾ ਲੱਗਾ ਹੈ। ਹੁਣ ਪੰਜਾਬ ਪੁਲਿਸ ਉਸ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ ਅਤੇ ਇਸ ਲਈ ਕੇਂਦਰੀ ਏਜੰਸੀਆਂ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਹੈ। ਅਪ੍ਰੈਲ ਮਹੀਨੇ ਵਿਚ ਬਟਾਲਾ ਦੀ ਪੁਲਿਸ ਚੌਕੀ ‘ਤੇ ਹੋਏ ਗ੍ਰਨੇਡ ਹਮਲੇ ਵਿਚ ਵੀ ਮੰਨੂ ਦਾ ਹੱਥ ਸਾਹਮਣੇ ਆ ਰਿਹਾ ਹੈ। ਇਹ ਜਾਣਕਾਰੀ ਪਾਕਿਸਤਾਨ-ਸਮਰਥਤ ਬੀਕੇਆਈ ਅੱਤਵਾਦੀ ਮਾਡਿਊਲ ਦੇ ਪਦਰਾਫਾਸ਼ ਕਰਨ ਦੇ ਐਲਾਨ ਦੇ ਸਬੰਧ ਵਿਚ ਸਾਹਮਣੇ ਆਈ ਹੈ, ਜਿਸਨੂੰ ਵਿਦੇਸ਼ਾਂ ਵਿਚ ਬੈਠੇ ਹੈਂਡਲਰ ਮਨਿੰਦਰ ਬਿੱਲਾ ਅਤੇ ਮੰਨੂ ਅਗਵਾਨ ਦੇ ਜ਼ਰੀਏ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ ‘ਤੇ ਚਲਾਇਆ ਜਾ ਰਿਹਾ ਸੀ। ਇਸ ਮਾਡਿਊਲ ਦੇ ਮੈਂਬਰਾਂ ‘ਤੇ 16 ਮਈ ਦੀ ਰਾਤ ਬਟਾਲਾ ਵਿਚ ਇਕ ਸ਼ਰਾਬ ਦੇ ਠੇਕੇ ਦੇ ਬਾਹਰ ਗ੍ਰਨੇਡ ਹਮਲਾ ਕਰਨ ਦੀ ਕੋਸ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਪੁਰਤਗਾਲ ਵਿਚ ਰਹਿ ਰਹੇ ਬਿੱਲਾ ਅਤੇ ਬੀਕੇਆਈ ਦੇ ਨਵੇਂ ਸਚਿਵ ਅਗਵਾਨ ਤੋਂ ਸਿੱਧੇ ਨਿਰਦੇਸ਼ ਮਿਲ ਰਹੇ ਸਨ। ਪੁਲਿਸ ਰਿਕਾਰਡ ਦੇ ਅਨੁਸਾਰ, ਬਿੱਲਾ ਬਟਾਲਾ ਪੁਲਿਸ ਜ਼ਿਲ੍ਹੇ ਦੇ ਡਕੋਹਾ ਪਿੰਡ ਦਾ ਨਿਵਾਸੀ ਹੈ ਅਤੇ ਉਸਦਾ ਅਗਵਾਨ ਪਿੰਡ ਨਾਲ ਨਾਨਕੇ ਪੱਖ ਦਾ ਸਬੰਧ ਹੈ, ਜਿਸ ਨਾਲ ਉਸਦਾ ਮੰਨੂ ਅਗਵਾਨ ਨਾਲ ਸੰਪਰਕ ਬਣਿਆ।

ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੰਨੂ ਦੀ ਬਿੱਲਾ ਤੇ ਹੋਰ ਵਿਦੇਸ਼ੀ ਹੈਂਡਲਰਾਂ ਨਾਲ ਸਟ੍ਰੈਟੀਜਿਕ ਭਾਈਵਾਲੀ ਇਹ ਦਰਸਾਉਂਦੀ ਹੈ ਕਿ ਹੁਣ ਭਾਰਤੀ ਜ਼ਮੀਨ ਨੂੰ ਨਿਸ਼ਾਨਾ ਬਣਾਉਣ ਵਿਚ ਟ੍ਰਾਂਸਨੈਸ਼ਨਲ ਨੈੱਟਵਰਕ ਸਰਗਰਮ ਹੋ ਗਿਆ ਹੈ। ਪੁਲਿਸ ਰਿਕਾਰਡ ਵਿਚ ਦਰਜ ਹੈ ਕਿ ਬਿੱਲਾ ਨੇ ਇਸ ਖੇਤਰ ਨੂੰ ਨਿਸ਼ਾਨਾ ਬਣਾ ਕੇ ਕਈ ਅੱਤਵਾਦੀ ਸਾਜ਼ਿਸ਼ਾਂ ਵਿਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਬਿੱਲਾ ਦਿਸੰਬਰ 2022 ਵਿਚ ਬੈਂਕਾਕ ਗਿਆ, ਫਿਰ ਮਲੇਸ਼ੀਆ ਵਿਚ ਸਰਗਰਮ ਰਿਹਾ ਅਤੇ ਉੱਥੋਂ ਪੁਰਤਗਾਲ ਚਲਾ ਗਿਆ। ਪੁਲਿਸ ਦਾ ਮੰਨਣਾ ਹੈ ਕਿ ਉਹ ਅੱਤਵਾਦੀ ਰਿੰਦਾ ਨਾਲ ਨਜ਼ਦੀਕੀ ਤੌਰ ‘ਤੇ ਜੁੜਿਆ ਹੋਇਆ ਹੈ ਅਤੇ ਮੰਨੂ ਅਗਵਾਨ ਦੇ ਨਾਲ ਮਿਲ ਕੇ ਲਾਜਿਸਟਿਕਸ, ਭਰਤੀ ਅਤੇ ਫੰਡਿੰਗ ਦੇ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਪੁਲਿਸ ਅਨੁਸਾਰ, ਮੰਨੂ ਦੀ ਅੱਤਵਾਦੀ ਸਰਗਰਮੀਆਂ ਵਿਚ ਸ਼ਮੂਲੀਅਤ ਪਹਿਲੀ ਵਾਰ 18 ਦਿਸੰਬਰ 2024 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਕਸ਼ੀਵਾਲਾ ਪੁਲਿਸ ਪੋਸਟ ‘ਤੇ ਹੋਏ ਗ੍ਰੇਨੇਡ ਹਮਲੇ ਦੀ ਜਾਂਚ ਦੌਰਾਨ ਸਾਹਮਣੇ ਆਈ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜੇਡੀਐੱਫ) ਨੇ ਸੋਸ਼ਲ ਮੀਡੀਆ ਪੋਸਟ ਵਿਚ ਲਈ ਸੀ। ਉਸ ਦਾਅਵੇ ਵਿਚ ਕਿਹਾ ਗਿਆ ਸੀ ਕਿ ਇਹ ਹਮਲਾ ਰੰਜੀਤ ਸਿੰਘ ਜੰਮੂ ਦੀ ਅਗਵਾਈ ਤੇ ਮੰਨੂ ਅਗਵਾਨ ਦੀ ਨਿਗਰਾਨੀ ’ਚ ਕੀਤਾ ਗਿਆ ਸੀ। ਇਹ ਹਮਲਾ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਰਣਜੀਤ ਸਿੰਘ ਨੀਤਾ ਦੇ ਨਿਰਦੇਸ਼ ‘ਤੇ ਕੇਜੇਡੀਐਫ ਨੇ ਕੀਤਾ ਸੀ। ਅਗਵਾਨ ਨੇ ਹਮਲਾਵਰਾਂ ਦੀ ਭਰਤੀ ਅਤੇ ਵਿਦੇਸ਼ ਤੋਂ ਲਾਜਿਸਟਿਕ ਸਹਾਇਤਾ ਦੇ ਕੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਮਾਰੇ ਗਏ ਸੀ ਤਿੰਨ ਮੈਂਬਰ

ਬਾਅਦ ਵਿਚ ਇਕ ਆਪਰੇਸ਼ਨ ਦੌਰਾਨ, ਯੂਪੀ ਪੁਲਿਸ ਦੇ ਨਾਲ ਮੁਕਾਬਲਾ ਵਿਚ ਬਕਸ਼ੀਵਾਲਾ ਪੁਲਿਸ ਪੋਸਟ ‘ਤੇ ਗ੍ਰਨੇਡ ਹਮਲੇ ਵਿਚ ਸ਼ਾਮਲ ਕੇਜੇਡੀਐੱਫ ਮਾਡਿਊਲ ਦੇ ਤਿੰਨ ਮੈਂਬਰ 23 ਦਿਸੰਬਰ 2024 ਨੂੰ ਪੀਲੀਭੀਤ ਜ਼ਿਲ੍ਹੇ ਵਿਚ ਮਾਰੇ ਗਏ ਸਨ। ਇਸ ਤੋਂ ਬਾਅਦ, ਮੰਨੂ ਦਾ ਨਾਮ ਫਿਰ ਤੋਂ 6 ਅਪ੍ਰੈਲ 2025 ਨੂੰ ਬਟਾਲਾ ਦੇ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਦੇ ਨੇੜੇ ਹੋਏ ਰਾਕੇਟ ਪ੍ਰੋਪੈਲਡ ਗ੍ਰਨੇਡ (ਆਰਪੀਜੀ) ਹਮਲੇ ਦੇ ਬਾਅਦ ਸਾਹਮਣੇ ਆਇਆ। ਇਸ ਹਮਲੇ ਦੀ ਜ਼ਿੰਮੇਵਾਰੀ ਅਮਰੀਕਾ ਵਿਚ ਬੈਠੇ ਗੈਂਗਸਟਰ ਪ੍ਰੀਤ ਸਿੰਘ ਉਰਫ਼ ਹੈਪੀ ਗੋਪੀ ਨਵਾਂਸ਼ਹਿਰਿਆ ਅਤੇ ਮੰਨੂ ਅਗਵਾਨ ਨਾਲ ਜੁੜੇ ਬੀਕੇਆਈ ਦੇ ਇਕ ਸੋਸ਼ਲ ਮੀਡੀਆ ਪੇਜ ‘ਤੇ ਲਈ ਗਈ ਸੀ। ਮੰਨੂ ਦੀ ਸ਼ਾਮਲਤਾ ਵਿਸ਼ੇਸ਼ ਤੌਰ ‘ਤੇ ਬਟਾਲਾ ਵਿਚ ਸ਼ਰਾਬ ਦੀ ਦੁਕਾਨ ਦੇ ਬਾਹਰ ਗ੍ਰੇਨੇਡ ਹਮਲੇ ਵਿਚ ਦੇਖੀ ਗਈ ਸੀ।

By Gurpreet Singh

Leave a Reply

Your email address will not be published. Required fields are marked *