ਨੈਸ਼ਨਲ ਟਾਈਮਜ਼ ਬਿਊਰੋ :- ਵਿਸ਼ੇਸ਼ ਕਦਮ ਚੁੱਕਦਿਆਂ ਇਰਾਨ ਨੇ ਆਪਣੇ ਸ਼ਹਿਰ ਮਸ਼ਾਦ ਤੋਂ ਤਕਰੀਬਨ ਹਜ਼ਾਰ ਭਾਰਤੀ ਨਾਗਰਿਕਾਂ, ਜਿਨ੍ਹਾਂ ’ਚ ਜ਼ਿਆਦਾਤਰ ਵਿਦਿਆਰਥੀ ਹਨ, ਨੂੰ ਸੁਰੱਖਿਆ ਕੱਢਣ ਲਈ ਤਿੰਨ ਚਾਰਟਰਡ ਉਡਾਣਾਂ ਲਈ ਹਵਾਈ ਖੇਤਰ ਤੋਂ ਪਾਬੰਦੀਆਂ ਹਟਾ ਦਿੱਤੀਆਂ ਹਨ। ਇਨ੍ਹਾਂ ’ਚੋਂ ਇੱਕ ਉਡਾਣ ਅੱਜ ਦੇਰ ਰਾਤ ਨਵੀਂ ਦਿੱਲੀ ਪਹੁੰਚੇਗੀ।
ਇਰਾਨੀ ਅੰਬੈਸੀ ’ਚ ਮਿਸ਼ਨ ਦੇ ਉਪ ਮੁਖੀ ਮੁਹੰਮਦ ਜਾਵੇਦ ਹੁਸੈਨੀ ਨੇ ਕਿਹਾ ਕਿ ਜੇ ਲੋੜ ਪਈ ਤਾਂ ਆਉਣ ਵਾਲੇ ਦਿਨਾਂ ’ਚ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਹੋਰ ਵਧੇਰੇ ਉਡਾਣਾਂ ਦਾ ਸੰਚਾਲਨ ਕੀਤਾ ਜਾ ਸਕਦਾ ਹੈ। ਇਰਾਨ ਦੀ ਰਾਜਧਾਨੀ ’ਚ ਇਜ਼ਰਾਇਲੀ ਹਮਲਿਆਂ ਤੋਂ ਬਾਅਦ ਭਾਰਤੀ ਨਾਗਰਿਕਾਂ ਨੂੰ ਤਹਿਰਾਨ ਤੋਂ ਮਸ਼ਾਦ ਲਿਆਂਦ ਗਿਆ ਸੀ। ਇਰਾਨੀ ਏਅਰਲਾਈਨ ਮਹਾਨ ਵੱਲੋਂ ਚਲਾਈਆਂ ਜਾ ਰਹੀਆਂ ਨਿਕਾਸੀ ਉਡਾਣਾਂ ਦਾ ਪ੍ਰਬੰਧ ਨਵੀਂ ਦਿੱਲੀ ਕਰ ਰਹੀ ਹੈ।
ਇਰਾਨ-ਇਜ਼ਰਾਈਲ ਵਿਚਾਲੇ ਸੰਘਰਸ਼ ਕਾਰਨ ਪੈਦਾ ਹੋਈ ਬੇਯਕੀਨੀ ਵਾਲੀ ਸਥਿਤੀ ਨੂੰ ਦੇਖਦਿਆਂ ਭਾਰਤ ਨੇ ਇਰਾਨ ਤੇ ਇਜ਼ਰਾਈਲ ਤੋਂ ਆਪਣੇ ਨਾਗਰਿਕਾਂ ਦੀ ਵਾਪਸੀ ਲਈ ਲੰਘੇ ਬੁੱਧਵਾਰ ‘ਅਪਰੇਸ਼ਨ ਸਿੰਧੂ’ ਸ਼ੁਰੂ ਕੀਤਾ ਸੀ। ਭਾਰਤੀਆਂ ਨੂੰ ਲੈ ਕੇ ਪਹਿਲਾਂ ਚਾਰਟਰਡ ਜਹਾਜ਼ ਅੱਜ ਰਾਤ ਦਿੱਲੀ ਪਹੁੰਚੇਗਾ। ਹੁਸੈਨੀ ਨੇ ਕਿਹਾ, ‘ਅਸੀਂ ਭਾਰਤੀਆਂ ਨੂੰ ਆਪਣਾ ਹੀ ਨਾਗਰਿਕ ਮੰਨਦੇ ਹਾਂ। ਇਰਾਨ ਦਾ ਹਵਾਈ ਖੇਤਰ ਬੰਦ ਹੈ ਪਰ ਇਸ ਮੁੱਦੇ ਕਾਰਨ ਅਸੀਂ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਯਾਤਰਾ ਲਈ ਇਸ ਨੂੰ ਖੋਲ੍ਹਣ ਦਾ ਪ੍ਰਬੰਧ ਕਰ ਰਹੇ ਹਾਂ। ਉਹ ਸਾਡੇ ਲਈ ਇਰਾਨੀਆਂ ਦੀ ਤਰ੍ਹਾਂ ਹਨ।
