ਕਮਲ ਭਾਬੀ ਦੇ ਕਾਤਲਾਂ ਦੀ ਹਮਾਇਤ ਕਰਨ ਵਾਲਿਆਂ ’ਤੇ ਪੁਲਿਸ ਦੀ ਨਜ਼ਰ, 125 ਤੋਂ ਵੱਧ ਇੰਟਰਨੈੱਟ ਮੀਡੀਆ ਖਾਤੇ ਕੀਤੇ ਬੰਦ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਵੀਜ਼ਨ ਕਮਲ ਕੌਰ ਭਾਬੀ ਦੀ ਹੱਤਿਆ ਤੇ ਉਸ ਦੇ ਕਾਤਲਾਂ ਦੇ ਘਿਨਾਉਣੇ ਕਾਰੇ ਨੂੰ ਜਾਇਜ਼ ਠਹਿਰਾਉਣ ਵਾਲਿਆਂ ’ਤੇ ਨਜ਼ਰ ਰੱਖ ਰਹੀ ਹੈ। ਪੁਲਿਸ ਨੇ ਅਜਿਹੇ 125 ਤੋਂ ਵੱਧ ਇੰਟਰਨੈੱਟ ਮੀਡੀਆ ਖਾਤਿਆਂ ਨੂੰ ਬੰਦ ਕਰ ਦਿੱਤਾ ਹੈ।

ਕਮਲ ਕੌਰ, ਜਿਸ ਨੂੰ ਆਨਲਾਈਨ ਕਮਲ ਕੌਰ ਭਾਬੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦੀ 11 ਜੂਨ ਨੂੰ ਬਠਿੰਡਾ ਦੀ ਆਦੇਸ਼ ਯੂਨੀਵਰਸਿਟੀ ਦੇ ਨੇੜੇ ਕਾਰ ਪਾਰਕਿੰਗ ਵਿਚ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਜਾਂਚ ਵਿਚ ਪਤਾ ਲੱਗਿਆ ਕਿ ਉਸ ਦੀ ਹੱਤਿਆ ਦੇ ਪਿੱਛੇ ਕਾਰਨ ਇਹ ਸੀ ਕਿ ਉਸ ’ਤੇ ਅਸ਼ਲੀਲ ਸਮੱਗਰੀ ਪੋਸਟ ਕਰਨ ਦਾ ਦੋਸ਼ ਲਾਇਆ ਗਿਆ ਸੀ।

ਇਸ ਹੱਤਿਆ ਤੋਂ ਬਾਅਦ ਪੰਜਾਬ ਦੇ ਆਨਲਾਈਨ ਇੰਫਲੂਐਂਸਰਜ਼ ਵਿਚ ਡਰ ਦਾ ਮਾਹੌਲ ਬਣ ਗਿਆ ਹੈ, ਕਿਉਂਕਿ ਗੁਰਮੁੱਖੀ ਵਿਚਾਰਧਾਰਾ ਦੇ ਖ਼ਿਲਾਫ਼ ਬੋਲਣ ਵਾਲੀਆਂ ਇੰਫਲੂਐਂਸਰਜ਼ ਦੀਪਿਕਾ ਲੂਥਰਾ, ਸਿਮਰਜੀਤ ਕੌਰ ਉਰਫ਼ ਪ੍ਰੀਤ ਜੱਟੀ ਅਤੇ ਚੰਦ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਹ ਧਮਕੀਆਂ ਈ-ਮੇਲ ਅਤੇ ਫੋਨ ਰਾਹੀਂ ਮਿਲ ਰਹੀਆਂ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਜਿਨ੍ਹਾਂ ਈ-ਮੇਲ ਅਤੇ ਮੋਬਾਈਲ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ, ਦੀ ਜਾਂਚ ਕੀਤੀ ਜਾ ਰਹੀ ਹੈ। ਕੁਝ ਹੋਰ ਇੰਟਰਨੈੱਟ ਮੀਡੀਆ ਖਾਤਿਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਬੰਦ ਕੀਤਾ ਜਾਵੇਗਾ।

ਕਮਲ ਕੌਰ ਦੀ ਹੱਤਿਆ ਦੇ ਕੁਝ ਘੰਟੇ ਬਾਅਦ ਮੁੱਖ ਮੁਲਜ਼ਮ ਅਤੇ ਕੱਟੜਪੰਥੀ ਸੰਗਠਨ ‘ਕੌਮ ਦੇ ਰਾਖੇ’ ਦਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਮੇਹਰੋ ਯੂਏਈ ਫਰਾਰ ਹੋ ਗਿਆ। ਉਸ ਦੇ ਦੋ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੋਗਾ ਜ਼ਿਲ੍ਹੇ ਦਾ ਨਿਵਾਸੀ ਮੇਹਰੋ ਪਹਿਲਾਂ ਵੀ ਆਨਲਾਈਨ ਸਰਗਰਮ ਰਿਹਾ ਹੈ। 2021 ਵਿਚ ਇਕ ਗੀਤ ਦੇ ਅਸ਼ਲੀਲ ਬੋਲਾਂ ਨੂੰ ਲੈ ਕੇ ਇਕ ਮਿਊਜ਼ਿਕ ਪ੍ਰੋਡਿਊਸਰ ਨੂੰ ਧਮਕੀ ਦੇਣ ਅਤੇ 2020 ਵਿਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਪੰਜਾਬੀ ਕਲਾਕਾਰਾਂ ਦੇ ਬੁੱਤਾਂ ਨੂੰ ਤੋੜਨ ਦੇ ਮਾਮਲੇ ਵਿਚ ਉਸ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ।

ਪੁਲਿਸ ਅਨੁਸਾਰ ਕਮਲ ਕੌਰ ਦੀ ਹੱਤਿਆ ਦੇ ਸਮੇਂ ਮੇਹਰੋ ਘਟਨਾ ਸਥਾਨ ’ਤੇ ਮੌਜੂਦ ਸੀ ਅਤੇ ਗਲਾ ਘੁੱਟਣ ਤੋਂ ਪਹਿਲਾਂ ਉਸ ਨੇ ਉਸ ਦਾ ਮੋਬਾਈਲ ਫੋਨ ਪਾਸਵਰਡ ਵੀ ਪ੍ਰਾਪਤ ਕੀਤਾ। ਉਸ ਦੇ ਖ਼ਿਲਾਫ਼ ਲੁਕਆਉਟ ਸਰਕੂਲਰ ਜਾਰੀ ਕੀਤਾ ਗਿਆ ਹੈ ਅਤੇ ਪੰਜਾਬ ਪੁਲਿਸ ਉਸ ਦੀ ਹਵਾਲਗੀ ਦੀ ਅਪੀਲ ਦਾਖਲ ਕਰਨ ਦੀ ਤਿਆਰੀ ਕਰ ਰਹੀ ਹੈ।

By Gurpreet Singh

Leave a Reply

Your email address will not be published. Required fields are marked *