ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ “ਨਸ਼ਿਆਂ ਵਿਰੁੱਧ ਜੰਗ” ਪੂਰੇ ਜ਼ੋਰ ਨਾਲ ਚੱਲ ਰਹੀ ਹੈ ਤੇ ਹੁਣ ਕਿਸੇ ਵੀ ਰਿਹਾਇਸ਼ੀ ਜਾਂ ਸਿਆਸੀ ਰੁਤਬੇ ਵਾਲੇ ਵਿਅਕਤੀ ਨੂੰ ਰਾਅ ਨਹੀਂ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, “ਨਸ਼ੇ ਦੇ ਕੇਸਾਂ ‘ਚ ਕਿਸੇ ਉੱਤੇ ਤਰਸ ਨਹੀਂ ਖਾਵਾਂਗਾ, ਕਿਸੇ ਉੱਤੇ ਰਹਿਮ ਨਹੀਂ ਕਰਾਂਗਾ। ਮੈਂ ਪੰਜਾਬੀ ਜਨਤਾ ਅੱਗੇ ਜਵਾਬਦੇਹ ਹਾਂ, ਜੋ ਮੈਨੂੰ ਇਸ ਕੁਰਸੀ ਤੱਕ ਲੈ ਕੇ ਆਏ।” ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਸਿਆਸੀ ਰੁਤਬੇ ਵਾਲੇ ਨਸ਼ਾ ਤਸਕਰ ਵੀ ਗਿਰਫ਼ਤਾਰੀ ਤੋਂ ਬਚ ਨਹੀਂ ਸਕਣਗੇ ਅਤੇ ਕਿਸੇ ਦੀ ਸਿਫ਼ਾਰਸ਼ ਨਹੀਂ ਚੱਲੇਗੀ।
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਨਸ਼ੇਬਾਜ਼ਾਂ ਵਿਰੁੱਧ ਪੂਰੀ ਤਿਆਰੀ ਅਤੇ ਢੁੱਕਵੇਂ ਦਸਤਾਵੇਜ਼ਾਂ ਦੇ ਆਧਾਰ ‘ਤੇ ਕਾਰਵਾਈ ਹੋ ਰਹੀ ਹੈ। ਉਨ੍ਹਾਂ ਕਿਹਾ, “ਜਿਹੜੀਆਂ ਵੱਡੀਆਂ ਮੱਛੀਆਂ ਸੋਚਦੀਆਂ ਨੇ ਕਿ ਉਹ ਬਚ ਜਾਣਗੀਆਂ, ਉਹ ਭੁੱਲ ‘ਚ ਹਨ।” ਉਨ੍ਹਾਂ ਨੇ ਉਨ੍ਹਾਂ ਸਿਆਸੀ ਧਿਰਾਂ ‘ਤੇ ਵੀ ਤੀਖਾ ਹਮਲਾ ਕੀਤਾ ਜੋ ਪਹਿਲਾਂ ਦੱਸਦੀਆਂ ਸਨ ਕਿ ਸਰਕਾਰ ਸਿਰਫ਼ ਛੋਟੇ ਨਸ਼ੇਬਾਜ਼ਾਂ ਨੂੰ ਹੀ ਫੜਦੀ ਹੈ।
ਮਾਨ ਨੇ ਕਿਹਾ ਕਿ ਹੁਣ ਜਦ ਵੱਡਿਆਂ ਉੱਤੇ ਹੱਥ ਪਾਇਆ ਗਿਆ ਹੈ, ਤਾੰ ਉਹੀ ਲੋਗ ਸਰਕਾਰ ਦੀ ਨਿੰਦਿਆ ਕਰ ਰਹੇ ਹਨ – ਜਿਸ ਨਾਲ ਸਾਫ਼ ਹੋ ਜਾਂਦਾ ਹੈ ਕਿ ਉਹ ਵੀ ਇਸ ਗੱਲ ਵਿੱਚ ਸ਼ਾਮਿਲ ਸਨ। ਉਨ੍ਹਾਂ ਕਿਹਾ, “ਸ਼ਾਇਦ ਇਹ ਲੋਕ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹੋਣ, ਪਰ ਮੈਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ।”
ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨਸ਼ਾ ਤਸਕਰਾਂ ਨੇ ਲੋਕਾਂ ਦੇ ਘਰ ਉਜਾੜ ਕੇ ਅਲੀਸ਼ਾਨ ਕੋਠੀਆਂ ਬਣਾਈਆਂ, ਉਨ੍ਹਾਂ ਉੱਤੇ ਬੁਲਡੋਜ਼ਰ ਚਲਾਇਆ ਗਿਆ। ਛੋਟੇ ਤਸਕਰਾਂ ਦੀ ਜੈਲਾਂ ਵਿੱਚ ਭੇਜਣ ਤੋਂ ਬਾਅਦ ਹੁਣ ਵੱਡਿਆਂ ਦੀ ਵਾਰੀ ਆ ਰਹੀ ਹੈ। ਸਬੂਤਾਂ ਦੇ ਆਧਾਰ ‘ਤੇ ਕਾਰਵਾਈ ਜਾਰੀ ਹੈ।
ਇਹ ਵੀ ਖੁਲਾਸਾ ਕੀਤਾ ਗਿਆ ਕਿ ਜਿਹੜੇ ਪੁਲਿਸ ਅਧਿਕਾਰੀ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਸਨ, ਅਤੇ ਛਾਪਿਆਂ ਦੀ ਪਹਿਲਾਂ ਹੀ ਜਾਣਕਾਰੀ ਦੇ ਦਿੰਦੇ ਸਨ, ਉਨ੍ਹਾਂ ਦੇ ਵੀ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਗਏ ਹਨ। ਮਾਨ ਨੇ ਕਿਹਾ ਕਿ ਲੋਕਾਂ ਤੋਂ ਫੋਨ ਆ ਰਹੇ ਹਨ ਕਿ ਹੁਣ ਨਸ਼ਾ ਵੇਚਣਾ ਆਸਾਨ ਨਹੀਂ ਰਹਿ ਗਿਆ – ਨਸ਼ਾ ਕਾਰੋਬਾਰ ‘ਚ ਵੱਡਾ ਫਰਕ ਆਇਆ ਹੈ।
ਮੁੱਖ ਮੰਤਰੀ ਨੇ ਆਖਿਰ ਵਿੱਚ ਕਿਹਾ, ਇਹ ਲੜਾਈ ਅਸੀਂ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹੋ ਕੇ ਲੜ ਰਹੇ ਹਾਂ – ਤੇ ਕਿਸੇ ਵੀ ਹਾਲਤ ‘ਚ ਪਿੱਛੇ ਨਹੀਂ ਹਟਾਂਗੇ।
