ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਕਿਹਾ ਹੈ ਕਿ ਫ਼ੈਡਰਲ ਸਰਕਾਰ ਇਹ ਵਿਚਾਰ ਕਰ ਰਹੀ ਹੈ ਕਿ ਕੀ ਕੈਨੇਡਾ ਨੂੰ ਵੀ ਕੁਝ ਯੂਰਪੀ ਦੇਸ਼ਾਂ ਦੀ ਤਰ੍ਹਾਂ ਯੂਕਰੇਨ ਨਾਲ ਇਕ ਨਵਾਂ ਰੱਖਿਆ ਸਮਝੌਤਾ ਕਰਨਾ ਚਾਹੀਦਾ ਹੈ, ਜਿਸ ਤਹਿਤ ਫੌਜੀ ਸਾਜ਼ੋ-ਸਾਮਾਨ ਦਾ ਯੂਕਰੇਨ ਨਾਲ ਮਿਲ ਕੇ ਉਤਪਾਦਨ ਕੀਤਾ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਇਹ ਵਿਚਾਰ ਰੱਖਿਆ ਮੰਤਰਾਲੇ ਅਤੇ ਕੈਨੇਡੀਅਨ ਆਰਮਡ ਫੋਰਸੇਜ਼ ਵੱਲੋਂ ਗੰਭੀਰਤਾ ਨਾਲ ਵਿਚਾਰ ਅਧੀਨ ਹੈ।
ਰੂਸ ਨਾਲ ਆਪਣੀ ਜੰਗ ਦੌਰਾਨ ਯੂਕਰੇਨ ਲੜਾਕੂ ਡਰੋਨ ਟੈਕਨਾਲੌਜੀ ਵਿੱਚ ਵਿਸ਼ਵ ਲੀਡਰ ਬਣ ਕੇ ਉੱਭਰਿਆ ਹੈ, ਅਤੇ ਯੂਕੇ ਅਤੇ ਡੈਨਮਾਰਕ ਵਰਗੇ ਦੇਸ਼ਾਂ ਨੇ ਫ਼ੌਜੀ ਉਪਕਰਣ ਪ੍ਰੋਜੈਕਟਾਂ ਲਈ ਯੂਕਰੇਨ ਦੇ ਨਾਲ ਸਹਿ-ਉਤਪਾਦਨ ਯੋਜਨਾਵਾਂ ਦਾ ਐਲਾਨ ਕੀਤਾ ਹੈ।
ਮੈਕਗਿੰਟੀ ਨੇ ਇਹ ਗੱਲਾਂ ਲੈਟਵੀਆ ਦੇ ਰੀਗਾ ਸ਼ਹਿਰ ਵਿੱਚ ਕੈਨੇਡੀਅਨ ਦੂਤਾਅਵਾਸ ਤੋਂ ਕੈਨੇਡੀਅਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀਆਂ। ਇਹ ਉਨ੍ਹਾਂ ਦੀ ਇਸ ਹਫ਼ਤੇ ਦੀ ਯੂਰਪ ਯਾਤਰਾ ਦਾ ਅੰਤ ਸੀ।
ਇਸੇ ਹਫ਼ਤੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨੀਦਰਲੈਂਡ ਦੇ ਹੇਗ ਸ਼ਹਿਰ ਵਿੱਚ ਹੋਏ ਨਾਟੋ ਸੰਮੇਲਨ ਦੌਰਾਨ ਕੈਨੇਡਾ ਵੱਲੋਂ ਇਕ ਵੱਡੀ ਰੱਖਿਆ ਵਚਨਬੱਧਤਾ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਬ੍ਰੱਸਲਜ਼ ਵਿੱਚ ਕਿਹਾ ਕਿ ਕੈਨੇਡਾ ਅਤੇ ਯੂਰਪੀਅਨ ਯੂਨੀਅਨ ਇੱਕ ਨਵਾਂ ਸੁਰੱਖਿਆ ਅਤੇ ਰੱਖਿਆ ਖ਼ਰੀਦਦਾਰੀ ਸਮਝੌਤਾ ਕਰਨਗੇ।
ਮੈਕਗਿੰਟੀ ਨੇ ਕਿਹਾ ਕਿ ਕੈਨੇਡਾ ਨੂੰ ਇਸ ਨਵੇਂ ਸਮਝੌਤੇ ਰਾਹੀਂ ਯੂਰਪ ਵੱਲੋਂ ਮਿਲਣ ਵਾਲੇ ਰੱਖਿਆ ਲੋਨਾਂ ਦਾ ਲਾਭ ਚੁੱਕਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਸਰਕਾਰ ਯੂਰਪੀ ਦੇਸ਼ਾਂ ਨਾਲ ਮਿਲ ਕੇ ਥੋਕ ਖ਼ਰੀਦ ਦਾ ਇਰਾਦਾ ਰੱਖਦੀ ਹੈ, ਜਿਸ ਨਾਲ ਰੱਖਿਆ ਉਪਕਰਣ ਖਰੀਦਣ ਉੱਤੇ ਖ਼ਰਚ ਘਟੇਗਾ।
