ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ’ਚ ਇਕ ਯਾਤਰੀ ਦੇ ਦੁਰਵਿਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਯਾਤਰੀ ਸ਼ਰਾਬ ਦੇ ਨਸ਼ੇ ’ਚ ਜਹਾਜ਼ ਵਿਚ ਚੜ੍ਹਿਆ ਸੀ ਤੇ ਯਾਤਰਾ ਦੌਰਾਨ ਲਗਾਤਾਰ ਦੂਜੇ ਯਾਤਰੀਆਂ ਨਾਲ ਝਗੜਾ ਤੇ ਹੰਗਾਮਾ ਕਰਦਾ ਰਿਹਾ।
ਏਅਰ ਇੰਡੀਆ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਲਾਈਟ ਨੰਬਰ ਏਆਈ 454 ’ਚ ਇਕ ਯਾਤਰੀ ਨੇ ਦੁਰਵਿਹਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪਤਨੀ ਤੇ ਬੱਚੇ ਨਾਲ ਯਾਤਰਾ ਕਰ ਰਹੇ ਵਿਅਕਤੀ ਨੇ ਹੋਰਨਾਂ ਯਾਤਰੀਆਂ ਨਾਲ ਗਾਲੀ-ਗਲੌਚ ਤੇ ਦੁਰਵਿਹਾਰ ਸ਼ੁਰੂ ਕਰ ਦਿੱਤਾ। ਜਹਾਜ਼ ਦੇ ਕਰੂ ਮੈਂਬਰਾਂ ਨੇ ਉਸ ਨੂੰ ਸ਼ਾਂਤ ਰਹਿਣ ਲਈ ਕਿਹਾ ਪਰ ਉਹ ਨਹੀਂ ਮੰਨਿਆ। ਜਦੋਂ ਜਹਾਜ਼ ਲੈਂਡਿੰਗ ਦੀ ਤਿਆਰੀ ਕਰ ਰਿਹਾ ਸੀ, ਉਦੋਂ ਵੀ ਉਸ ਨੇ ਸੀਟ ਬੈਲਟ ਨਹੀਂ ਪਾਈ ਤੇ ਦੂਜੇ ਯਾਤਰੀ ਨਾਲ ਝਗੜਾ ਕਰਨ ਲੱਗਾ। ਉਸ ਨੇ ਕਰੂ ਦੀ ਇਕ ਮਹਿਲਾ ਮੈਂਬਰ ਨੂੰ ਚੱਪਲ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ। ਲੈਂਡਿੰਗ ਵੇਲੇ ਏਅਰ ਇੰਡੀਆ ਦੇ ਮੁਲਾਜ਼ਮਾਂ ਨੇ ਯਾਤਰੀ ਨੂੰ ਜਹਾਜ਼ ਵਿਚ ਹੀ ਰੋਕੀ ਰੱਖਿਆ ਜਦਕਿ ਬਾਕੀ ਯਾਤਰੀ ਉਤਰ ਗਏ। ਬਾਅਦ ਵਿਚ ਉਸ ਨੂੰ ਸੁਰੱਖਿਆ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਏਅਰ ਇੰਡੀਆ ਵੱਲੋਂ ਦੱਸਿਆ ਗਿਆ ਕਿ ਕੈਬਿਨ ਕਰੂ ਨੇ ਸਥਿਤੀ ਨੂੰ ਸੰਭਾਲਦਿਆਂ ਦੂਜੇ ਯਾਤਰੀ ਨੂੰ ਬਿਜ਼ਨਸ ਕਲਾਸ ਦੀ ਸੀਟ ’ਤੇ ਬਿਠਾਇਆ। ਪਾਇਲਟ-ਇਨ-ਕਮਾਂਡ ਨੇ ਏਅਰਪੋਰਟ ’ਤੇ ਸੁਰੱਖਿਆ ਮੁਲਾਜ਼ਮਾਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਤੇ ਮੁਲਜ਼ਮ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ।
