ਲੱਖਾ ਸਿਧਾਣਾ ਤੇ ਉਸਦਾ ਸਾਥੀ ਗ੍ਰਿਫ਼ਤਾਰ! ਜਾਣੋ ਕੀ ਹੈ ਪੂਰਾ ਮਾਮਲਾ

ਲੱਖਾ ਸਿਧਾਣਾ ਤੇ ਉਸਦਾ ਸਾਥੀ ਗ੍ਰਿਫ਼ਤਾਰ! ਜਾਣੋ ਕੀ ਹੈ ਪੂਰਾ ਮਾਮਲਾ

ਬਰਨਾਲਾ (ਨੈਸ਼ਨਲ ਟਾਈਮਜ਼): ਬਰਨਾਲਾ ਪੁਲਿਸ ਦੇ ਦੋ ਮੁਲਾਜ਼ਮਾਂ ਵਿਚਕਾਰ ਰੋਡ ਰੇਜ ਤੋਂ ਸ਼ੁਰੂ ਹੋ ਕੇ ਚੌਂਕੀ ਤਕ ਪਹੁੰਚੀ ਤਕਰਾਰ ਦਾ ਮਾਮਲਾ ਗੰਭੀਰ ਰੂਪ ਧਾਰ ਗਿਆ। ਜਿਸ ਮਗਰੋਂ ਲਖਬੀਰ ਸਿੰਘ ਲੱਖਾ ਸਿਧਾਣਾ ਵੱਲੋਂ ਪੁਲਿਸ ਮੁਲਾਜ਼ਮਾਂ ਉੱਤੇ ਨਸ਼ੇ ‘ਚ ਹੋਣ ਦੇ ਗੰਭੀਰ ਦੋਸ਼ ਲਗਾਏ ਗਏ, ਜਦਕਿ ਪੁਲਿਸ ਵੱਲੋਂ ਲੱਖਾ ਸਿਧਾਣਾ ਅਤੇ ਉਸ ਦੇ ਸਾਥੀ ਆਕਾਸ਼ਦੀਪ ਨੂੰ 107/151 ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਘਟਨਾ ਤੋਂ ਬਾਅਦ ਜਿੱਥੇ ਲੱਖਾ ਸਿਧਾਣਾ ਨੇ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਹੋ ਕੇ ਬਰਨਾਲਾ ਪੁਲਿਸ ਦੇ ਮੁਲਾਜ਼ਮਾਂ ਉੱਤੇ ਵੱਖ-ਵੱਖ ਦੋਸ਼ ਲਗਾਏ ਹਨ, ਉੱਥੇ ਹੀ ਬਰਨਾਲਾ ਪੁਲਿਸ ਨੇ ਲੱਖਾ ਸਿਧਾਣਾ ਖ਼ਿਲਾਫ਼ ਪੁਲਿਸ ਚੌਂਕੀ ਹੰਡਿਆਇਆ ਵਿਖੇ ਧਾਰਾ 107/151 ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦੇਣ ਲਈ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਡੀਐਸਪੀ ਬੈਂਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 8 ਵਜੇ ਲੱਖਾ ਸਿਧਾਣਾ ਆਪਣੇ ਇੱਕ ਸਾਥੀ ਆਕਾਸ਼ਦੀਪ ਅਤੇ ਦੋ ਗੰਨਮੈਨਾਂ ਦੇ ਨਾਲ ਕਰੇਟਾ ਗੱਡੀ ਵਿੱਚ ਪਟਿਆਲਾ ਤੋਂ ਵਾਪਸ ਆ ਰਹੇ ਸਨ। ਹੰਡਿਆਇਆ ਟੀ-ਪੁਆਇੰਟ ਪਾਰ ਕਰਕੇ ਜਦੋਂ ਇਹ ਮੇਨ ਰੋਡ ‘ਤੇ ਜਾ ਰਹੇ ਸਨ ਤਾਂ ਉਸੇ ਸਮੇਂ ਸਾਡੇ ਦੋ ਪੁਲਿਸ ਮੁਲਾਜ਼ਮ – ਇੱਕ ਸੁਰਜੀਤ ਸਿੰਘ ਜੋ ਥਾਣਾ ਟੱਲੇਵਾਲ ਵਿਖੇ ਤਾਇਨਾਤ ਹੈ, ਅਤੇ ਦੂਜਾ ਚੌਂਕੀ ਹੰਡਿਆਇਆ ਦਾ ਮੁੱਖ ਮੁਨਸ਼ੀ ਧਰਮਿੰਦਰ ਸਿੰਘ – ਇੱਕ ਹੋਰ ਪੁਲਿਸ ਮੁਲਾਜ਼ਮ ਦੀ ਰਿਟਾਇਰਮੈਂਟ ਪਾਰਟੀ ਤੋਂ ਵਾਪਸ ਆਉਂਦੇ ਹੋਏ ਚੌਂਕੀ ਹੰਡਿਆਇਆ ਨੂੰ ਜਾ ਰਹੇ ਸਨ।
ਡੀਐਸਪੀ ਬੈਂਸ ਅਨੁਸਾਰ, ਉੱਥੇ ਗੱਡੀ ਓਵਰਟੇਕ ਕਰਨ ਨੂੰ ਲੈ ਕੇ ਇਨ੍ਹਾਂ ਵਿਚਕਾਰ ਰੋਡ ਰੇਜ ਟਾਈਪ ਝਗੜਾ ਵਗੈਰਾ ਹੋਇਆ। ਪੁਲਿਸ ਮੁਲਾਜ਼ਮ ਲੱਖਾ ਸਿਧਾਣਾ ਦੀ ਗੱਡੀ ਨੂੰ ਓਵਰਟੇਕ ਕਰਕੇ ਚੌਂਕੀ ਹੰਡਿਆਇਆ ਨੂੰ ਚਲੇ ਗਏ। ਲੱਖਾ ਸਿਧਾਣਾ ਅਤੇ ਉਸ ਦੇ ਸਾਥੀਆਂ ਨੂੰ ਲੱਗਾ ਕਿ ਉਨ੍ਹਾਂ ‘ਤੇ ਕੋਈ ਹਮਲਾ ਕਰਨ ਲਈ ਆਇਆ ਹੈ ਅਤੇ ਉਹ ਵੀ ਚੌਂਕੀ ਹੰਡਿਆਇਆ ਵਿਖੇ ਚਲੇ ਗਏ।
ਪੁਲਿਸ ਚੌਂਕੀ ਪਹੁੰਚ ਕੇ ਲੱਖਾ ਸਿਧਾਣਾ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਡੀਐਸਪੀ ਬੈਂਸ ਨੇ ਦੱਸਿਆ ਕਿ ਇਸ ਦੌਰਾਨ ਲੱਖਾ ਸਿਧਾਣਾ ਦੀ ਸਾਡੇ ਪੁਲਿਸ ਮੁਲਾਜ਼ਮ ਡਿਊਟੀ ਅਫ਼ਸਰ ਬਲਵਿੰਦਰ ਸਿੰਘ ਨਾਲ ਵੀ “ਤੂੰ-ਤੂੰ, ਮੈਂ-ਮੈਂ” ਹੋਈ। ਲੱਖਾ ਸਿਧਾਣਾ ਨੇ ਉੱਥੇ ਪੁਲਿਸ ਮੁਲਾਜ਼ਮਾਂ ‘ਤੇ ਸ਼ਰਾਬ ਪੀਤੀ ਹੋਣ ਦੇ ਇਲਜ਼ਾਮ ਵੀ ਲਗਾਏ ਅਤੇ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਵੀ ਕੀਤੀ। ਇਸ ਘਟਨਾ ਤੋਂ ਬਾਅਦ ਲੱਖਾ ਸਿਧਾਣਾ ਪੁਲਿਸ ਚੌਂਕੀ ਤੋਂ ਚਲਾ ਗਿਆ।
ਇਸ ਸਾਰੇ ਮਾਮਲੇ ਨੂੰ ਦੇਖਦੇ ਹੋਏ ਬਰਨਾਲਾ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਡੀਐਸਪੀ ਬੈਂਸ ਨੇ ਦੱਸਿਆ ਕਿ ਪੁਲਿਸ ਨੇ ਬਾਅਦ ਵਿੱਚ ਲੱਖਾ ਸਿਧਾਣਾ ਨੂੰ ਤਪਾ ਹਾਈਵੇ ‘ਤੇ “ਰਾਊਂਡ ਅੱਪ” (ਘੇਰਿਆ) ਕੀਤਾ। ਇਸ ਸਾਰੀ ਕਾਰਵਾਈ ਨੂੰ ਦੇਖਦੇ ਹੋਏ ਲੱਖਾ ਸਿਧਾਣਾ ਅਤੇ ਉਸ ਦੇ ਸਾਥੀ ਆਕਾਸ਼ਦੀਪ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਉੱਪਰ ਧਾਰਾ 107/151 ਤਹਿਤ ਕਾਰਵਾਈ ਕੀਤੀ ਗਈ ਹੈ। ਅੱਜ ਉਨ੍ਹਾਂ ਨੂੰ ਮਾਨਯੋਗ ਐਸਡੀਐਮ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਲੱਖਾ ਸਿਧਾਣਾ ਵੱਲੋਂ ਪੁਲਿਸ ਮੁਲਾਜ਼ਮਾਂ ਉੱਤੇ ਸ਼ਰਾਬ ਪੀਤੀ ਹੋਣ ਦੇ ਇਲਜ਼ਾਮ ਸਬੰਧੀ, ਡੀਐਸਪੀ ਬੈਂਸ ਨੇ ਸਪੱਸ਼ਟ ਕੀਤਾ ਕਿ ਸਾਡੇ ਵੱਲੋਂ ਤਿੰਨੋਂ ਪੁਲਿਸ ਮੁਲਾਜ਼ਮਾਂ ਦਾ ਸਿਵਲ ਹਸਪਤਾਲ ਬਰਨਾਲਾ ਵਿੱਚੋਂ ਡਾਕਟਰੀ ਮੁਆਇਨਾ ਕਰਵਾਇਆ ਜਾ ਚੁੱਕਿਆ ਹੈ ਅਤੇ ਉਨ੍ਹਾਂ ਵਿੱਚੋਂ ਕਿਸੇ ਦੇ ਵੀ ਸ਼ਰਾਬ ਪੀਣ ਦੀ ਪੁਸ਼ਟੀ ਨਹੀਂ ਹੋਈ।
ਲੱਖਾ ਸਿਧਾਣਾ, ਜੋ ਕਿਸਾਨ ਅੰਦੋਲਨ ਅਤੇ ਹੋਰ ਸਮਾਜਿਕ ਮੁੱਦਿਆਂ ‘ਤੇ ਆਪਣੀ ਬੇਬਾਕ ਰਾਏ ਲਈ ਜਾਣੇ ਜਾਂਦੇ ਹਨ, ਨੇ ਪਹਿਲਾਂ ਵੀ ਪੁਲਿਸ ਅਤੇ ਪ੍ਰਸ਼ਾਸਨ ‘ਤੇ ਕਈ ਵਾਰ ਸਵਾਲ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਇਹ ਮਾਮਲਾ ਅੱਗੇ ਕੀ ਰੁਖ਼ ਅਖਤਿਆਰ ਕਰਦਾ ਹੈ।

By Gurpreet Singh

Leave a Reply

Your email address will not be published. Required fields are marked *