ਨੈਸ਼ਨਲ ਟਾਈਮਜ਼ ਬਿਊਰੋ :- ਫਾਜ਼ਿਲਕਾ ਜ਼ਿਲ੍ਹੇ ਦਾ ਕਿਸਾਨ ਅੰਮ੍ਰਿਤਪਾਲ ਸਿੰਘ 21 ਜੂਨ ਨੂੰ ਰਾਣਾ ਬੀਓਪੀ ਨੇੜਿਓਂ ਲਾਪਤਾ ਹੋ ਗਿਆ ਸੀ, ਜਿਸ ਦੇ ਭੁਲੇਖੇ ਨਾਲ ਪਾਕਿਸਤਾਨ ਪੁੱਜਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੁਗਰਾਜ ਸਿੰਘ ਨੇ ਦੱਸਿਆ ਕਿ ਬੀਐਸਐਫ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪਾਕਿਸਤਾਨ ਰੇਂਜਰਾਂ ਨੇ ਪੁਸ਼ਟੀ ਕੀਤੀ ਹੈ ਕਿ ਅੰਮ੍ਰਿਤਪਾਲ ਪਾਕਿਸਤਾਨ ਦੀ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ।
ਹੁਸ਼ਿਆਰਪੁਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਭਾਜਪਾ ਨੇਤਾ ਅਵਿਨਾਸ਼ ਰਾਏ ਖੰਨਾ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਇੱਕ ਪੱਤਰ ਲਿਖਿਆ ਹੈ ਕਿ ਨੌਜਵਾਨ ਨੂੰ ਵਾਪਸ ਲਿਆਉਣ ਲਈ ਜ਼ਰੂਰੀ ਕਦਮ ਚੁੱਕੇ ਜਾਣ। ਕਿਸਾਨ ਅੰਮ੍ਰਿਤਪਾਲ 21 ਜੂਨ ਨੂੰ ਖੈਰੇ ਕੇ ਉਤਾੜ ਪਿੰਡ ਵਿੱਚ ਕੰਡਿਆਲੀ ਤਾਰ ਦੇ ਪਾਰ ਪਰਿਵਾਰ ਦੀ ਖੇਤੀ ਵਾਲੀ ਜ਼ਮੀਨ ‘ਤੇ ਗਿਆ ਸੀ ਪਰ ਅਣਜਾਣੇ ਵਿੱਚ ਪਾਕਿਸਤਾਨ ਦੇ ਖੇਤਰ ਵਿੱਚ ਭਟਕ ਗਿਆ।
ਇਸ ਮਗਰੋਂ ਪਰਿਵਾਰ ਨੇ ਕਾਫੀ ਭਾਲ ਕੀਤੀ ਤਾਂ ਅੰਮ੍ਰਿਤਪਾਲ ਨਹੀਂ ਮਿਲਿਆ। ਇਸ ਮਗਰੋਂ ਉਨ੍ਹਾਂ ਨੇ ਆਗੂਆਂ ਨਾਲ ਗੱਲਬਾਤ ਕੀਤੀ। ਜੁਗਰਾਜ ਸਿੰਘ ਨੇ ਆਪਣੇ ਪੁੱਤਰ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ।
