ਭਾਰਤ ਨਾਲ ਪੰਗਾ ਲੈ ਕੇ ਪਛਤਾ ਰਿਹਾ ਪਾਕਿਸਤਾਨ, ਹੋ ਰਿਹਾ ਕਰੋੜਾਂ ਦਾ ਨੁਕਸਾਨ

ਨਵੀਂ ਦਿੱਲੀ – ਪਾਕਿਸਤਾਨੀ ਮਾਲ ਲੈ ਜਾਣ ਵਾਲੇ ਜਹਾਜ਼ਾਂ ਨੂੰ ਭਾਰਤ ਵੱਲੋਂ ਆਪਣੀਆਂ ਬੰਦਰਗਾਹਾਂ ’ਤੇ ਲੰਗਰ ਪਾਉਣ ਤੋਂ ਰੋਕਣ ਕਾਰਨ ਮਾਲ ਢੁਆਈ ਭਾੜੇ ਅਤੇ ਅਾਵਾਜਾਈ ਦੇ ਸਮੇਂ ’ਚ ਵਾਧਾ ਹੋਇਆ ਹੈ। ਇਕ ਮੀਡੀਆ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਤੋਂ ਆਉਣ ਜਾਂ ਬਰਾਮਦ ਹੋਣ ਵਾਲੇ ਮਾਲ ਦੀ ਪ੍ਰਤੱਖ ਜਾਂ ਅਪ੍ਰਤੱਖ ਦਰਾਮਦ ਜਾਂ ਅਾਵਾਜਾਈ ’ਤੇ 2 ਮਈ, 2025 ਤੋਂ ਪ੍ਰਭਾਵੀ ਵਿਆਪਕ ਰੋਕ ਲਾ ਦਿੱਤੀ। ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਭਾਰਤ ਨੇ ਆਪ੍ਰੇਸ਼ਨ ਸਿੰਧੂਰ ਜ਼ਰੀਏ ਲਿਆ। ਇਸ ਹਮਲੇ ਤੋਂ ਬਾਅਦ ਹਿੰਦੁਸਤਾਨ ਨੇ ਕਈ ਕਦਮ ਚੁੱਕੇ, ਜਿਸ ਨਾਲ ਪਾਕਿਸਤਾਨ ਦੀ ਹਾਲਤ ਖਸਤਾ ਹੋ ਗਈ।

ਭਾਰਤ ਵੱਲੋਂ ਚੁੱਕੇ ਕਦਮਾਂ ਦਾ ਅਸਰ ਹੁਣ ਪਾਕਿਸਤਾਨ ਦੇ ਵਪਾਰੀਆਂ ’ਤੇ ਸਾਫ ਦਿਸ ਰਿਹਾ ਹੈ। ਉਨ੍ਹਾਂ ਦੀ ਨੀਂਦ ਉੱਡ ਗਈ ਹੈ। ਭਾਰਤ ਨੇ 2 ਮਈ ਨੂੰ ਇਕ ਵੱਡਾ ਫੈਸਲਾ ਲੈਂਦੇ ਹੋਏ ਆਪਣੀਆਂ ਬੰਦਰਗਾਹਾਂ ’ਤੇ ਪਾਕਿਸਤਾਨ ਦਾ ਮਾਲ ਲੈ ਜਾਣ ਵਾਲੇ ਜਾਂ ਲਿਆਉਣ ਵਾਲੇ ਜਹਾਜ਼ਾਂ ਦੇ ਠਹਿਰਨ ’ਤੇ ਰੋਕ ਲਾ ਦਿੱਤੀ। ਭਾਰਤ ਦੇ ਇਸ ਕਦਮ ਨਾਲ ਪਾਕਿਸਤਾਨ ਦਾ ਪੂਰਾ ਕਾਰੋਬਾਰ ਠੱਪ ਹੋ ਗਿਆ। ਪਾਕਿਸਤਾਨ ਨੂੰ ਲੱਗ ਰਿਹਾ ਸੀ ਕਿ ਭਾਰਤ ਦੇ ਇਸ ਕਦਮ ਨਾਲ ਉਸ ਨੂੰ ਕੋਈ ਮੁਸ਼ਕਲ ਨਹੀਂ ਹੋਣ ਵਾਲੀ ਪਰ ਹੁਣ ਇਸ ਦਾ ਅਸਰ ਪਾਕਿਸਤਾਨ ਦੇ ਵਪਾਰੀਆਂ ’ਤੇ ਪੈ ਰਿਹਾ ਹੈ, ਜੋ ਸਿੱਧੇ ਤੌਰ ’ਤੇ ਪਾਕਿਸਤਾਨ ’ਚ ਮਹਿੰਗਾਈ ਦਾ ਕਾਰਨ ਬਣ ਰਿਹਾ ਹੈ।

ਪਾਕਿਸਤਾਨ ਦੇ ਕਾਰਗੋ ਜਹਾਜ਼ਾਂ ਦੇ ਠਹਿਰਾਅ ’ਤੇ ਰੋਕ ਲਾਉਣ ਦੇ ਭਾਰਤ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਨੇ ਇੰਟਰਨੈਸ਼ਨਲ ਟਰੇਡ ਕਰਨ ਲਈ ਬਦਲਵੇਂ ਰਸਤਿਆਂ ਜ਼ਰੀਏ ਆਪਣੇ ਵਪਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਇਸ ਨਾਲ ਉਸ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਲਈ ਉਸ ਨੂੰ ਜ਼ਿਆਦਾ ਸਮਾਂ ਵੀ ਲੱਗ ਰਿਹਾ ਹੈ । ਨਾਲ ਹੀ ਨਾਲ ਲਾਗਤ ਵੀ ਮਹਿੰਗੀ ਪੈ ਰਹੀ ਹੈ। ਭਾਰਤ ਦੇ ਇਸ ਕਦਮ ਨੇ ਸਮੇਂ ਅਤੇ ਲਾਗਤ ਦੋਵਾਂ ਨੂੰ ਵਧਾ ਦਿੱਤਾ ਹੈ।

ਆਪ੍ਰੇਸ਼ਨ ਸਿੰਧੂਰ ਨੇ ਤੋੜਿਆ ਪਾਕਿਸਤਾਨ ਦਾ ਲੱਕ

ਪਾਕਿਸਤਾਨ ਨੇ ਹਮੇਸ਼ਾ ਅੱਤਵਾਦੀਆਂ ਨੂੰ ਆਪਣੀ ਜ਼ਮੀਨ ’ਤੇ ਪਾਲਣ ਦਾ ਕੰਮ ਕੀਤਾ ਹੈ। ਉਸ ਦੀ ਜ਼ਮੀਨ ’ਤੇ ਪਲੇ ਅੱਤਵਾਦੀ ਭਾਰਤ ’ਚ ਆ ਕੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। 22 ਅਪ੍ਰੈਲ ਨੂੰ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ’ਚ 28 ਸੈਲਾਨੀਆਂ ਦੀ ਮੌਤ ਤੋਂ ਬਾਅਦ ਭਾਰਤ ਨੇ ਆਪ੍ਰੇਸ਼ਨ ਸਿੰਧੂਰ ਤਹਿਤ ਪਾਕਿਸਤਾਨ ਸਥਿਤ ਅੱਤਵਾਦੀਆਂ ਦੇ ਅੱਡਿਆਂ ਨੂੰ ਤਬਾਹ ਕੀਤਾ। ਇਸ ਦੇ ਜਵਾਬ ’ਚ ਪਾਕਿਸਤਾਨ ਨੇ ਭਾਰਤ ’ਤੇ ਹਵਾਈ ਹਮਲੇ ਕੀਤੇ, ਜਿਸ ਦਾ ਭਾਰਤ ਦੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ। ਭਾਰਤ ਨੇ ਨਾ ਸਿਰਫ ਫੌਜੀ ਪੱਧਰ ’ਤੇ ਜਵਾਬ ਦਿੱਤਾ, ਸਗੋਂ ਆਰਥਿਕ ਮੋਰਚੇ ’ਤੇ ਵੀ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਇਆ। ਭਾਰਤ ਨੇ ਪਾਕਿਸਤਾਨੀ ਕਾਰਗੋ ਜਹਾਜ਼ਾਂ ਲਈ ਬੰਦਰਗਾਹਾਂ ’ਤੇ ਰੋਕ ਲਾ ਕੇ ਪਾਕਿਸਤਾਨ ਦੀ ਦਰਾਮਦ-ਬਰਾਮਦ ਨੂੰ ਰੋਕ ਕੇ ਉਸ ਦੀ ਅਰਥਵਿਵਸਥਾ ਨੂੰ ਡੂੰਘੀ ਸੱਟ ਮਾਰੀ ਹੈ।

ਭਾਰਤ ਦੇ ਕਦਮ ਨਾਲ ਹੁਣ ਪਾਕਿਸਤਾਨ ਦੀਆਂ ਬੰਦਰਗਾਹਾਂ ’ਤੇ ਨਹੀਂ ਰੁਕ ਰਹੇ ਵੱਡੇ ਜਹਾਜ਼

ਭਾਰਤ ਵੱਲੋਂ ਬੰਦਰਗਾਹ ’ਤੇ ਪਾਕਿਸਤਾਨੀ ਕਾਰਗੋ ਜਹਾਜ਼ਾਂ ’ਤੇ ਲਾਈ ਰੋਕ ਦਾ ਅਸਰ ਪਾਕਿਸਤਾਨ ਦੇ ਵਪਾਰ ’ਤੇ ਸਾਫ ਦਿਸ ਰਿਹਾ ਹੈ। ਕਰਾਚੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਜਾਵੇਦ ਬਿਲਵਾਨੀ ਨੇ ਕਿਹਾ ਕਿ ਭਾਰਤ ਦੇ ਕਦਮ ਨਾਲ ਵੱਡੇ ਜਹਾਜ਼ ਹੁਣ ਪਾਕਿਸਤਾਨ ਦੀਆਂ ਬੰਦਰਗਾਹਾਂ ’ਤੇ ਨਹੀਂ ਰੁਕ ਰਹੇ। ਇਸ ਨਾਲ ਇਸਲਾਮਾਬਾਦ ਦੀ ਦਰਾਮਦ ’ਚ 30 ਤੋਂ 50 ਦਿਨਾਂ ਦੀ ਦੇਰੀ ਹੋ ਰਹੀ ਹੈ। ਛੋਟੇ ਫੀਡਰ ਜਹਾਜ਼ਾਂ ’ਤੇ ਨਿਰਭਰਤਾ ਵੱਧ ਗਈ ਹੈ, ਜਿਸ ਨਾਲ ਮਾਲ ਢੁਆਈ ਦੀ ਲਾਗਤ ’ਚ ਭਾਰੀ ਵਾਧਾ ਹੋਇਆ ਹੈ।

By Rajeev Sharma

Leave a Reply

Your email address will not be published. Required fields are marked *