ਟਿਕਟੌਕ ਕੈਨੇਡਾ ਨੇ TIFF, ਜੂਨੋਜ਼ ਅਤੇ ਹੋਰ ਕਲਾ ਸੰਸਥਾਵਾਂ ਦੀ ਸਪਾਂਸਰਸ਼ਿਪ ਰੋਕੀ

ਨੈਸ਼ਨਲ ਟਾਈਮਜ਼ ਬਿਊਰੋ :- ਟਿਕਟੌਕ (TikTok) ਨੇ ਕਿਹਾ ਹੈ ਕਿ ਉਹ ਕੈਨੇਡਾ ਵਿੱਚ ਆਪਣੇ ਸੰਚਾਲਨ ਬੰਦ ਕਰਨ ਦੇ ਫ਼ੈਡਰਲ ਸਰਕਾਰ ਦੇ ਹੁਕਮ ਦੀ ਪਾਲਣਾ ਕਰਨ ਦੀ ਤਿਆਰੀ ਕਰ ਰਿਹਾ ਹੈ, ਇਸ ਕਰਕੇ ਉਹ ਕੁਝ ਕੈਨੇਡੀਅਨ ਕਲਾ ਸੰਸਥਾਵਾਂ — ਜਿਵੇਂ ਕਿ ਜੂਨੋ ਅਵਾਰਡਜ਼ ਅਤੇ ਟੋਰੌਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (TIFF) ਦੀ ਸਪਾਂਸਰਸ਼ਿਪ ਤੋਂ ਪਿੱਛੇ ਹਟ ਰਿਹਾ ਹੈ।

TikTok ਨੇ ਦੱਸਿਆ ਕਿ ਟੋਰੌਂਟੋ ਅਤੇ ਵੈਂਕੂਵਰ ਵਿੱਚ ਦਫ਼ਤਰ ਖੋਲ੍ਹਣ ਤੋਂ ਬਾਅਦ ਪਿਛਲੇ ਪੰਜ ਸਾਲਾਂ ਵਿੱਚ ਉਸ ਨੇ ਸਥਾਨਕ ਕਲਾਕਾਰਾਂ ਅਤੇ ਕ੍ਰੀਏਟਰਾਂ ਦੀ ਮਦਦ ਕਰਨ ਵਾਲੇ ਪ੍ਰੋਗਰਾਮ ਅਤੇ ਸਾਂਝੇਦਾਰੀਆਂ ‘ਚ ਕਈ ਮਿਲੀਅਨ ਡਾਲਰ ਖ਼ਰਚ ਕੀਤੇ ਹਨ।

ਪਰ TikTok ਕੈਨੇਡਾ ਦੇ ਲੋਕ ਨੀਤੀ ਅਤੇ ਸਰਕਾਰੀ ਮਾਮਲਿਆਂ ਦੇ ਡਾਇਰੈਕਟਰ, ਸਟੀਵ ਡੀ ਆਇਰ ਨੇ ਕਿਹਾ ਕਿ ਹੁਣ ਕੈਨੇਡਾ ਸਰਕਾਰ ਪਿਛਲੇ ਨਵੰਬਰ ਵਿੱਚ ਦਿੱਤੇ ਆਪਣੇ ਹੁਕਮ ਨੂੰ ਲਾਗੂ ਕਰਾ ਰਹੀ ਹੈ ਜਿਸ ਦੇ ਅਧੀਨ ਕੈਨੇਡਾ ਵਿੱਚ TikTok ਦੇ ਸੰਚਾਲਨ ਨੂੰ ਰਾਸ਼ਟਰੀ ਸੁਰੱਖਿਆ ਦੀਆਂ ਚਿੰਤਾਵਾਂ ਕਰਕੇ ਬੰਦ ਕਰਨ ਲਈ ਕਿਹਾ ਗਿਆ ਸੀ। ਇਸ ਕਰਕੇ TikTok ਕੋਲ ਹੁਣ ਆਪਣੇ ਇਹਨਾਂ ਉਪਰਾਲਿਆਂ ਨੂੰ ਅਨਿਸ਼ਚਿਤ ਸਮੇਂ ਤੱਕ ਮੁਅੱਤਲ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਿਹਾ।

ਇਹ ਫ਼ੈਸਲੇ ਦਾ ਪ੍ਰਭਾਵ MusiCounts ਵਰਗੀਆਂ ਹੋਰ ਸੰਸਥਾਵਾਂ ਉੱਤੇ ਵੀ ਪਵੇਗਾ। MusiCounts ਇੱਕ ਸਿੱਖਿਆ ਸੰਬੰਧੀ ਚੈਰਿਟੀ ਹੈ ਜੋ ਹਾਈ ਸਕੂਲਾਂ ਵਿੱਚ ਮਿਊਜ਼ਿਕ ਪ੍ਰੋਗਰਾਮਾਂ ਨੂੰ ਸਹਾਇਤਾ ਦਿੰਦੀ ਹੈ। TikTok ਦਾ ਕਹਿਣਾ ਹੈ ਕਿ ਉਸਨੇ ਹੁਣ ਤੱਕ MusiCounts ਨੂੰ $500,000 ਦੀ ਸਹਾਇਤਾ ਦਿੱਤੀ ਹੈ।

ਇਹ 2022 ਤੋਂ ਟੋਰੌਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (TIFF) ਨਾਲ ਵੀ ਜੁੜਿਆ ਹੋਇਆ ਸੀ, ਜਿੱਥੇ ਉਸਨੇ Short Cuts ਅਤੇ Special Presentations ਵਰਗੇ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ ਸੀ, ਅਤੇ ਕੈਨੇਡੀਅਨ ਕ੍ਰੀਏਟਰਾਂ ਨੂੰ ਲੈ ਕੇ ਹੋਣ ਵਾਲੀਆਂ ਇੰਡਸਟਰੀ ਪੈਨਲ ਗੱਲਬਾਤਾਂ ਨੂੰ ਵੀ ਸਹਿਯੋਗ ਦਿੱਤਾ ਸੀ।

ਇਸ ਪ੍ਰੋਗਰਾਮ ਦੀ ਮੈਨੇਜਰ, ਸੈਰਾ ਸਿਮਪਸਨ-ਯੈਲੋਕਵਿਲ ਨੇ ਇਸ ਵਰਤਾਰੇ ਨੂੰ ਉਦਾਸ ਕਰਨ ਵਾਲਾ ਅਤੇ ਹੌਂਸਲਾ ਤੋੜਨ ਵਾਲਾ ਵਰਤਾਰਾ ਆਖਿਆ। ਉਨ੍ਹਾਂ ਕਿਹਾ ਕਿ ਇਹ ਐਕਸੀਲਰੇਟਰ ਪ੍ਰੋਗਰਾਮ ਸਥਾਨਕ ਕਲਾਕਾਰਾਂ ਲਈ ਕਰੀਅਰ ਦੇ ਮੌਕੇ ਅਤੇ ਸਿਖਲਾਈ ਦਾ ਇੱਕ ਮਹੱਤਵਪੂਰਨ ਸਰੋਤ ਸੀ।

ਅਮਰੀਕਾ ਵਿੱਚ ਵੀ TikTok ਨੂੰ ਲੈ ਕੇ ਸੁਰੱਖਿਆ ਚਿੰਤਾਵਾਂ ਸਾਹਮਣੇ ਆਈਆਂ ਹਨ। 2024 ਵਿੱਚ ਇੱਕ ਨਵਾਂ ਕਾਨੂੰਨ ਪਾਸ ਹੋਇਆ, ਜਿਸ ਵਿੱਚ TikTok ਦੀ ਚੀਨੀ ਮਾਲਕ ਕੰਪਨੀ ByteDance ਨੂੰ ਹੁਕਮ ਦਿੱਤਾ ਗਿਆ ਕਿ ਜਨਵਰੀ ਦੇ ਮੱਧ ਤੱਕ ਉਹ TikTok ਦੇ ਅਮਰੀਕੀ ਹਿੱਸੇ ਵੇਚ ਦਵੇ, ਨਹੀਂ ਤਾਂ TikTok ਬੈਨ ਹੋ ਜਾਵੇਗਾ।

ਬਾਅਦ ਵਿੱਚ ਇੱਕ ਡੀਲ ਦੀ ਪੇਸ਼ਕਸ਼ ਹੋਈ ਸੀ ਜਿਸ ਅਧੀਨ TikTok ਦੇ ਅਮਰੀਕੀ ਹਿੱਸੇ ਨੂੰ ਇੱਕ ਨਵੇਂ, ਅਮਰੀਕੀ ਨਿਵੇਸ਼ਕਾਂ ਵੱਲੋਂ ਚਲਾਏ ਜਾਣ ਵਾਲੇ ਸੰਸਥਾ ਵਿੱਚ ਬਦਲਿਆ ਜਾਣਾ ਸੀ। ਪਰ ਇਹ ਯੋਜਨਾ ਰੁੱਕ ਗਈ ਜਦੋਂ ਟਰੰਪ ਨੇ ਚੀਨੀ ਸਮਾਨ ‘ਤੇ ਭਾਰੀ ਟੈਰਿਫ਼ ਠੋਕ ਦਿੱਤੇ।

ਪਿਛਲੇ ਮਹੀਨੇ ਟਰੰਪ ਨੇ ByteDance ਨੂੰ TikTok ਦੇ ਅਮਰੀਕੀ ਹਿੱਸੇ ਵੇਚਣ ਦੀ ਮਿਆਦ ਫਿਰ ਵਧਾ ਦਿੱਤੀ ਅਤੇ ਹੁਣ ਨਵੀਂ ਡੈੱਡਲਾਈਨ 17 ਸਤੰਬਰ ਹੈ। ਪਿਛਲੇ ਸ਼ੁੱਕਰਵਾਰ ਨੂੰ ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਹ ਚੀਨ ਨਾਲ ਸੰਭਾਵਿਤ ਡੀਲ ਲਈ ਇਸ ਹਫ਼ਤੇ ਗੱਲਬਾਤ ਸ਼ੁਰੂ ਕਰਨ ਦੀ ਉਮੀਦ ਕਰਦੇ ਹਨ।

By Gurpreet Singh

Leave a Reply

Your email address will not be published. Required fields are marked *