ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ’ਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸਮੂਹ ਐਲਾਨਣ ਦੀ ਮੰਗ ਤੇਜ਼ ਹੋ ਗਈ ਹੈ। ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਅਪੀਲ ਕੀਤੀ ਹੈ ਕਿ ਉਹ ਗੈਂਗ ਦੀ ਰਸਮੀ ਤੌਰ ’ਤੇ ਅੱਤਵਾਦੀ ਸਮੂਹ ਦੇ ਤੌਰ ’ਤੇ ਨਿਸ਼ਾਨਦੇਹੀ ਕਰਨ। ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਸਮਿਥ ਨੇ ਗੈਂਗ ਨੂੰ ਆਲਮੀ ਅਪਰਾਧਿਕ ਸਮੂਹ ਦੱਸਿਆ, ਜੋ ਹਿੰਸਾ, ਜਬਰਨ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਲਕੀ ਤੇ ਮਿੱਥੀਆਂ ਹੱਤਿਆਵਾਂ ਵਰਗੇ ਅਪਰਾਧਾਂ ’ਚ ਸ਼ਾਮਲ ਹੈ। ਇਨ੍ਹਾਂ ’ਚ ਕੈਨੇਡਾ ’ਚ ਹੋਈਆਂ ਘਟਨਾਵਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗਿਰੋਹ ਦੀਆਂ ਸਰਗਰਮੀਆਂ ਕੋਈ ਹੱਦ ਨਹੀਂ ਜਾਣਦੀਆਂ ਤੇ ਕਿਸੇ ਹੱਦ ਦਾ ਸਨਮਾਨ ਨਹੀਂ ਕਰਦੀਆਂ।
ਉਨ੍ਹਾਂ ਕਿਹਾ ਕਿ ਇਸਦੀ ਪਹੁੰਚ ਆਲਮੀ ਹੈ ਤੇ ਇਰਾਦਾ ਅਪਰਾਧਿਕ ਤੇ ਹਿੰਸਕ ਹੈ। ਐਲਬਰਟਾ ਇਕ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਅਜਿਹੇ ਲੋਕਾਂ ਦਾ ਇਥੇ ਕੋਈ ਕੰਮ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗਿਰੋਹ ਨੂੰ ਅਧਿਕਾਰਤ ਤੌਰ ’ਤੇ ਅੱਤਵਾਦੀ ਇਕਾਈ ਐਲਾਨਣ ’ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਸ ਤੋਂ ਵੱਧ ਪ੍ਰਭਾਵੀ ਢੰਗ ਨਾਲ ਨਜਿੱਠਣ ਦਾ ਅਧਿਕਾਰ ਮਿਲੇਗਾ। ਉਨ੍ਹਾਂ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦਾ ਸੱਦਾ ਦਿੱਤਾ।
ਹੈਰਾਨੀਜਨਕ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕੈਨੇਡਾ ’ਚ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸਮੂਹ ਐਲਾਨਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਰੀ ਦੇ ਮੇਅਰ ਨੇ ਸਰਕਾਰ ਨੂੰ ਇਹ ਅਪੀਲ ਕੀਤੀ ਸੀ। ਮੇਅਰ ਤੇ ਕਈ ਹੋਰਨਾਂ ਕੌਂਸਲਰਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਪੱਤਰ ਲਿਖ ਕੇ ਇਸੇ ਤਰ੍ਹਾਂ ਦੀ ਮੰਗ ਕੀਤੀ ਸੀ।
