ਨਹਿਰ ਹਾਦਸੇ ‘ਚ 11 ਜਾਨਾਂ ਬਚਾਉਣ ਵਾਲੇ ਬਹਾਦਰ ਨੌਜਵਾਨਾਂ ਨੂੰ ਮੁੱਖ ਮੰਤਰੀ ਮਾਨ ਵੱਲੋਂ ਸਨਮਾਨ

ਨੈਸ਼ਨਲ ਟਾਈਮਜ਼ ਬਿਊਰੋ :- ਸਰਹਿੰਦ ਨਹਿਰ ਹਾਦਸੇ ਦੌਰਾਨ ਆਪਣੀ ਜਾਨ ਜੋਖਮ ਵਿੱਚ ਪਾ ਕੇ 11 ਲੋਕਾਂ ਦੀ ਜਿੰਦਗੀ ਬਚਾਉਣ ਵਾਲੇ ਦੋ ਨੌਜਵਾਨਾਂ, ਕ੍ਰਿਸ਼ਨ ਕੁਮਾਰ ਪਾਸਵਾਨ ਅਤੇ ਜਸਕਰਨ ਸਿੰਘ—ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੇ ਸਰਕਾਰੀ ਨਿਵਾਸ ’ਤੇ ਸਨਮਾਨਿਤ ਕੀਤਾ।

ਮੁੱਖ ਮੰਤਰੀ ਨੇ ਦੋਨੋ ਨੌਜਵਾਨਾਂ ਦੀ ਹੋਂਸਲੇਬੰਦੀ ਕਰਦਿਆਂ ਕਿਹਾ ਕਿ ਇਹਨਾਂ ਦੀ ਦਲੇਰੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੌਜਵਾਨ ਪੀੜ੍ਹੀ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਬਦੌਲਤ ਇੱਕ ਵੱਡਾ ਹਾਦਸਾ ਟਲ ਗਿਆ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਆਉਣ ਵਾਲੇ ਅਜ਼ਾਦੀ ਦਿਹਾੜੇ ਸਮਾਰੋਹ ਵਿੱਚ ਵੀ ਇਹ ਦੋਵੇਂ ਨੌਜਵਾਨ ਵਿਸ਼ੇਸ਼ ਸਨਮਾਨ ਹਾਸਲ ਕਰਨਗੇ।

ਜ਼ਿਕਰਯੋਗ ਹੈ ਕਿ ਇਹ ਹਾਦਸਾ ਬੀਤੇ ਦਿਨੀਂ ਉਸ ਵੇਲੇ ਵਾਪਰਿਆ ਸੀ ਜਦੋਂ ਬਠਿੰਡਾ ਵੱਲ ਜਾ ਰਹੀ ਇੱਕ ਕਾਰ, ਜਿਸ ਵਿੱਚ 5 ਬੱਚਿਆਂ ਸਮੇਤ ਕੁੱਲ 11 ਲੋਕ ਸਵਾਰ ਸਨ, ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਸਰਹਿੰਦ ਨਹਿਰ ਵਿੱਚ ਡਿੱਗ ਗਈ। ਮੌਕੇ ‘ਤੇ ਮੌਜੂਦ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਸੇਵਾਦਾਰ, ਸਥਾਨਕ ਨਾਗਰਿਕ ਅਤੇ ਪੀਸੀਆਰ ਪੁਲਿਸ ਨੇ ਫੁਰਤੀ ਦਿਖਾਉਂਦਿਆਂ ਸਾਰੇ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ।

ਕਾਰ ਬਾਬਾ ਜੀਵਨ ਸਿੰਘ ਨਗਰ ਤੋਂ ਬਠਿੰਡਾ ਦੀ ਮਹਾਂਵੀਰ ਦਲ ਹਸਪਤਾਲ ਵੱਲ ਜਾ ਰਹੀ ਸੀ, ਜਿਸ ‘ਚ ਸਵਾਰ ਪਰਿਵਾਰ ਦੀ ਇੱਕ ਮਹਿਲਾ ਹਸਪਤਾਲ ‘ਚ ਕੰਮ ਕਰਦੀ ਹੈ ਅਤੇ ਉਸ ਨੂੰ ਛੱਡਣ ਲਈ ਪੂਰਾ ਪਰਿਵਾਰ ਬੱਚਿਆਂ ਸਮੇਤ ਰਵਾਨਾ ਹੋਇਆ ਸੀ।

ਮੌਕੇ ‘ਤੇ ਮੌਜੂਦ ਦੋ ਨੌਜਵਾਨ ਕ੍ਰਿਸ਼ਨ ਅਤੇ ਜਸਕਰਨ ਨੇ ਬਿਨਾਂ ਕਿਸੇ ਡਰ ਦੇ ਪਾਣੀ ‘ਚ ਛਾਲ ਮਾਰੀ ਅਤੇ ਇੱਕ-ਇੱਕ ਕਰਕੇ ਸਾਰੇ ਲੋੜਵੰਦ ਲੋਕਾਂ ਨੂੰ ਕੱਢ ਕੇ ਜਾਨ ਬਚਾਈ।

By Gurpreet Singh

Leave a Reply

Your email address will not be published. Required fields are marked *