ਹੁਸ਼ਿਆਰਪੁਰ – ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹੁਸ਼ਿਆਰਪੁਰ-ਦਸੂਹਾ ਦੇ ਤਲਵਾੜਾ ਨੇੜੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਪਿਛਲੇ 4 ਦਿਨਾਂ ਵਿੱਚ 14 ਫੁੱਟ ਵਧਿਆ ਹੈ, ਜਿਸ ਕਾਰਨ ਬੀ. ਬੀ. ਐੱਮ. ਬੀ. ਵਿਭਾਗ ਵੱਲੋਂ ਸ਼ਾਹ ਨਹਿਰ ਬੈਰਾਜ ਦੇ 4 ਫਲੱਡ ਗੇਟ ਖੋਲ੍ਹੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 2 ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1343.19 ਫੁੱਟ ਹੋ ਗਿਆ ਹੈ।

ਹਿਮਾਚਲ ਵਿੱਚ ਮੀਂਹ ਕਾਰਨ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਵਿੱਚ ਪਾਣੀ ਦਾ ਕੁੱਲ੍ਹ ਪ੍ਰਵਾਹ 29 ਹਜ਼ਾਰ 265 ਕਿਊਸਿਕ ਹੈ ਅਤੇ ਪੌਂਗ ਡੈਮ ਤੋਂ ਸ਼ਾਹ ਨਹਿਰ ਬੈਰਾਜ ਵਿੱਚ ਛੱਡਿਆ ਜਾ ਰਿਹਾ ਪਾਣੀ 18 ਹਜ਼ਾਰ 502 ਕਿਊਸਿਕ ਹੈ। ਇਸ ਕਾਰਨ ਸ਼ਾਹ ਨਹਿਰ ਬੈਰਾਜ ਵਿੱਚ ਪਾਣੀ ਦਾ ਪੱਧਰ 330.700 ਮੀਟਰ ਤੱਕ ਵੱਧ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ਾਹ ਨਹਿਰ ਬੈਰਾਜ ਤੋਂ 4 ਫਲੱਡ ਗੇਟਾਂ ਰਾਹੀਂ ਬਿਆਸ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਬੀ. ਬੀ. ਐੱਮ. ਬੀ. ਵਿਭਾਗ ਪੰਜਾਬ ਅਤੇ ਹਿਮਾਚਲ ਦੇ ਦਰਿਆ ਕੰਢੇ ਰਹਿਣ ਵਾਲੇ ਪਿੰਡ ਵਾਸੀਆਂ ਨੂੰ ਪਾਣੀ ਦੇ ਨੇੜੇ ਨਾ ਜਾਣ ਦੀ ਸਲਾਹ ਦੇ ਰਿਹਾ ਹੈ ਤਾਂ ਜੋ ਕਿਸੇ ਨੂੰ ਵੀ ਜਾਨ-ਮਾਲ ਦਾ ਨੁਕਸਾਨ ਨਾ ਹੋਵੇ।




