ਲਾਲੜੂ : ਪਿਛਲੀਆਂ ਸਰਕਾਰਾਂ ਵੱਲੋਂ ਲਗਾਤਾਰ ਅਣਗੌਲੀ ਗਈ ਮਲਕਪੁਰ -ਜਿਊਲੀ ਸੜਕ ਨੂੰ ਬਣਾਉਣ ਬਾਰੇ ਫੈਸਲਾ ਲੈ ਕੇ ਮੌਜੂਦਾ ਸਰਕਾਰ ਨੇ ਇਲਾਕੇ ਦੀ ਇੱਕ ਵੱਡੀ ਤੇ ਅਹਿਮ ਮੰਗ ਨੂੰ ਪੂਰਾ ਕਰ ਦਿੱਤਾ ਹੈ ਤੇ ਇਸ ਸੜਕ ਦਾ ਨੀਂਹ ਪੱਥਰ ਰੱਖਣ ਨਾਲ ਇਸ ਖੇਤਰ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਦੋ ਕਰੋੜ ਇਕਤਾਲੀ ਲੱਖ (2.41) ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਇਸ ਸੜਕ ਦਾ ਨੀਂਹ ਪੱਥਰ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਰੱਖਿਆ। ਉਨ੍ਹਾਂ ਕਿਹਾ ਕਿ ਹੁਣ ਇਹ ਸੜਕ 18 ਫੁੱਟ ਚੌੜੀ ਹੋਵੇਗੀ ਤੇ ਸੜਕ ਬਨਣ ਉਪਰੰਤ ਪੰਜ ਸਾਲ ਤੱਕ ਇਸ ਸੜਕ ਦੀ ਟੁੱਟ ਭੱਜ ਦੀ ਜਿੰਮੇਵਾਰੀ ਸੜਕ ਬਣਾਉਣ ਵਾਲੇ ਠੇਕੇਦਾਰ ਦੀ ਹੋਵੇਗੀ।

ਮਲਕਪੁਰ ਤੋਂ ਭਾਗਸੀ ਵਾਇਆ ਟਰੜਕ ਸੈਕਸ਼ਨ ਮਲਕਪੁਰ ਤੋਂ ਜਿਊਂਲੀ ਦੇ ਨਾਮ ਵਾਲੀ ਇਸ ਸੜਕ ਦਾ ਨੀਂਹ ਪੱਥਰ ਰੱਖਣ ਉਪਰੰਤ ਸ੍ਰ.ਰੰਧਾਵਾ ਨੇ ਕਿਹਾ ਕਿ ਇਸ ਸੜਕ ਵੱਲ ਪਿਛਲੀਆਂ ਸਰਕਾਰਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਸੀ ਪਰ ਸਾਡੀ ਸਰਕਾਰ ਨੇ ਇਸ ਸੜਕ ਦੀ ਅਹਿਮੀਅਤ ਨੂੰ ਸਮਝਿਆ ਤੇ ਇਸ ਇਲਾਕੇ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨਾ ਆਪਣਾ ਫਰਜ਼ ਸਮਝਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਇਸ ਸੜਕ ਨੂੰ ਬਣਾਉਣ ਬਾਰੇ ਸਿਆਸੀ ਡਰਾਮੇਬਾਜ਼ੀ ਕੀਤੀ ਹੈ ,ਇਹ ਸੜਕ ਉਨ੍ਹਾਂ ਦੀ ਸਰਕਾਰ ਵਿਚ ਹੀ ਬਨਣੀ ਪ੍ਰਸਤਾਵਿਤ ਸੀ ਪਰ ਉਨ੍ਹਾਂ ਇਸ ਸੜਕ ਵੱਲ ਧਿਆਨ ਦੇਣਾ ਮੁਨਾਸਿਬ ਹੀ ਨਾ ਸਮਝਿਆ । ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦਾ ਦਿਹਾਤੀ ਵਿਕਾਸ ਫੰਡ (ਆਰਡੀਐਫ) ਰੋਕਿਆ ਹੋਇਆ ਹੈ, ਜਿਸ ਦੇ ਕਾਰਨ ਸੜਕਾਂ ਬਣਾਉਣ ਵਿੱਚ ਦੇਰੀ ਹੋਈ । ਜ਼ਿਕਰਯੋਗ ਹੈ ਕਿ ਇਸ ਸੜਕ ਦੇ ਬਨਣ ਨਾਲ ਨਾ ਸਿਰਫ ਉਕਤ ਪਿੰਡਾਂ ਤੋਂ ਲਾਲੜੂ ਆਉਣ -ਜਾਣ ਵਾਲੇ ਆਮ ਲੋਕਾਂ ਨੂੰ ਆਵਾਜਾਈ ਵਿੱਚ ਸਹੂਲਤ ਹੋਵੇਗੀ, ਸਗੋਂ ਲੋਕਾਂ ਦਾ ਸਮਾਂ ਤੇ ਵਾਹਨ ਵੀ ਖਰਾਬ ਹੋਣ ਤੋਂ ਬਚਣਗੇ। ਸ੍ਰ.ਰੰਧਾਵਾ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਸੜਕ ਉਤਿਓਂ ਓਵਰਲੋਡ ਟਿੱਪਰ ਤੇ ਵਾਹਨ ਰੋਕਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ ਵੀ ਕੀਤੀ। ਸ੍ਰ.ਰੰਧਾਵਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੜਕਾਂ ਬਾਰੇ ਪਾਇਲਟ ਪ੍ਰੋਜੈਕਟ ਉਲੀਕਿਆ ਹੋਇਆ ਤੇ ਡੇਰਾਬੱਸੀ ਹਲਕੇ ਸਮੇਤ ਪੂਰੇ ਪੰਜਾਬ ਵਿਚ ਲਿੰਕ ਸੜਕਾਂ ਵਿਚ ਇਤਿਹਾਸਕ ਸੁਧਾਰ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਗੱਲ ਲਈ ਉਹ ਪੰਜਾਬ ਸਰਕਾਰ ਖਾਸ ਕਰ ਕੇ ਮੁੱਖ ਮੰਤਰੀ ਭਗਵੰਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦੇ ਹਨ ।
ਇਸ ਸਮੇਂ ਉਨ੍ਹਾਂ ਨਾਲ ਮਲਕਪੁਰ ਤੋਂ ਅਮਨਜੀਤ ਸਿੰਘ ਸਰਪੰਚ, ਜਿਊਲੀ ਤੋਂ ਸੁਮਿਤ ਰਾਣਾ ਸਮੇਤ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਤੇ ਮੋਹਤਬਰਾਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।
