ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ। ਪੰਜਾਬ ਵਜ਼ਾਰਤ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲਿਆਂ ਉਤੇ ਮੋਹਰ ਲੱਗੀ ਹੈ। ਸੀਐਮ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਯੂਨੀਫਾਰਮ ਬਿਲਡਿੰਗ ਨਿਯਮ 2025 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ 21 ਮੀਟਰ ਤੱਕ ਨਕਸ਼ਾ ਪਾਸ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਤੋਂ ਇਲਾਵਾ 7 ਹੋਰ ਏਜੰਡੇ ਪਾਸ ਕੀਤੇ ਗਏ ਹਨ।
ਸਰਕਾਰ ਵੱਲੋਂ ਲੁਧਿਆਣਾ ਉੱਤਰੀ ਵਿੱਚ ਨਵੀਂ ਸਬ-ਤਹਿਸੀਲ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇੱਥੇ ਨਾਇਬ ਤਹਿਸੀਲਦਾਰ ਬੈਠਣਗੇ ਤਾਂ ਜੋ ਲੋਕਾਂ ਦੇ ਰੋਜ਼ਾਨਾ ਪ੍ਰਸ਼ਾਸਕੀ ਕੰਮ ਸੌਖੇ ਤਰੀਕੇ ਨਾਲ ਨਿਪਟ ਸਕਣ। ਇਸ ਦੇ ਨਾਲ ਹੀ ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਵਜੋਂ ਅਪਗ੍ਰੇਡ ਕੀਤਾ ਗਿਆ ਹੈ। ਸਰਕਾਰ ਨੇ ਦੱਸਿਆ ਕਿ ਬਰਨਾਲਾ ਦੀ ਆਬਾਦੀ ਅਤੇ ਜੀ.ਐੱਸ.ਟੀ. ਕੁਲੈਕਸ਼ਨ ਨਿਗਮ ਬਣਾਉਣ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦੀ ਹੈ। ਇੱਥੇ ਵੱਡੀ ਗਿਣਤੀ ਵਿੱਚ ਉਦਯੋਗ ਹਨ ਅਤੇ ਇਹ ਫੈਸਲਾ ਸਥਾਨਕ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਾ ਹੈ। ਕੈਬਨਿਟ ਮੀਟਿੰਗ ਦੌਰਾਨ ਪੰਜਾਬ ਸਪੋਰਟਸ ਮੈਡੀਸਨ ਕੈਡਰ ਦੀਆਂ 100 ਤੋਂ ਵੱਧ ਨਵੀਆਂ ਪੋਸਟਾਂ ਸਿਰਜਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਨਾਲ ਖਿਡਾਰੀਆਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਤੋਂ ਇਲਾਵਾ, ਡੇਰਾਬੱਸੀ ਵਿਖੇ 100 ਬੈੱਡਾਂ ਵਾਲਾ ਈ.ਐੱਸ.ਆਈ. ਹਸਪਤਾਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਲਈ ਜ਼ਮੀਨ ਵੀ ਉਪਲਬਧ ਕਰਵਾਈ ਜਾਵੇਗੀ। ਨਸ਼ਾ ਮੁਕਤੀ ਕੇਂਦਰਾਂ ਸੰਬੰਧੀ ਨਿਯਮਾਂ ਵਿੱਚ ਵੀ ਸੋਧ ਕੀਤੀ ਗਈ ਹੈ। ਹੁਣ ਇਨ੍ਹਾਂ ਕੇਂਦਰਾਂ ਵਿੱਚ ਬਾਇਓਮੈਟ੍ਰਿਕ ਹਾਜ਼ਰੀ ਲਾਜ਼ਮੀ ਹੋਵੇਗੀ ਅਤੇ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਤੇ ਇਲਾਜ ਸਰਕਾਰ ਦੀ ਦੇਖ-ਰੇਖ ਹੇਠ ਹੋਣਗੇ।
ਸਵਾਲ ਪੁੱਛੇ ਜਾਣ ਉਤੇ ਸੀਐਮ ਮਾਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੇਕਰ ਉਹ ਸਮਾਂ ਦੇਣ ਤਾਂ ਅਸੀਂ ਬਿਹਾਰ ਵਿੱਚ ਜਾ ਕੇ ਵੀ ਪੰਜਾਬ ਦੀਆਂ ਸਮੱਸਿਆਵਾਂ ਨੂੰ ਦੱਸ ਸਕਦੇ ਹਾਂ ਬੇਸ਼ੱਕ ਉਹ ਪਟਨਾ ਬੁਲਾ ਲੈਣ ਜਾਂ ਕਿਸੇ ਹੋਰ ਸ਼ਹਿਰ ਵਿੱਚ ਬੁਲਾ ਲੈਣ ਅਸੀਂ ਬਿਹਾਰ ਜਾਣ ਨੂੰ ਵੀ ਤਿਆਰ ਹਾਂ। ਪੰਜਾਬ ਦਾ ਧੂੰਆਂ ਦਿੱਲੀ ਜਾ ਕੇ ਹੀ ਕਿਉਂ ਰੁਕ ਜਾਂਦਾ ਹੈ ਦਿੱਲੀ ਤੋਂ ਅੱਗੇ ਕਿਉਂ ਨਹੀਂ ਜਾ ਪਾਉਂਦਾ। ਪੰਜਾਬ ਤੋਂ ਹਵਾ ਦਿੱਲੀ ਵੱਲ ਨਹੀਂ ਵਗ ਰਹੀ ਅਜਿਹੇ ਵਿੱਚ ਪੰਜਾਬ ਦਾ ਧੂੰਆਂ ਦਿੱਲੀ ਕਿਵੇਂ ਜਾ ਸਕਦਾ ਹੈ। ਇਹ ਸਿਰਫ਼ ਰਾਜਨੀਤਿਕ ਕੀਤੀ ਜਾ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ਉਤੇ ਮੀਟਿੰਗ ਕਰਨ ਦੀ ਜ਼ਰੂਰਤ ਹੈ।
