ਗੋਆ ਹਾਦਸਾ : ਮੈਨੇਜਰ ਗ੍ਰਿਫ਼ਤਾਰ, ਕਲੱਬ ਮਾਲਕ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਗੋਆ ਦੇ ਸੈਰ-ਸਪਾਟਾ ਖੇਤਰ ਅਰਪੋਰਾ ਵਿੱਚ ਹੋਏ ਇੱਕ ਭਿਆਨਕ ਅਗਨੀ ਕਾਂਡ ਵਿੱਚ ਮਰਨ ਵਾਲਿਆਂ ਦੀ ਗਿਣਤੀ 25 ਤੱਕ ਪਹੁੰਚ ਗਈ ਹੈ। ਇਸ ਘਟਨਾ ਵਿੱਚ ਤਕਰੀਬਨ ਛੇ ਲੋਕ ਜ਼ਖਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਘਟਨਾ ਰਾਤ ਕਰੀਬ 12 ਵਜੇ ‘ਬਿਰਚ ਬਾਏ ਰੋਮੀਓ ਲੇਨ’ ਨਾਈਟ ਕਲੱਬ ਦੇ ਅੰਦਰ ਵਾਪਰੀ, ਜਿਸ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ।
ਦਮ ਘੁੱਟਣ ਕਾਰਨ ਹੋਈਆਂ ਜ਼ਿਆਦਾਤਰ ਮੌਤਾਂ
ਪੁਲਸ ਅਨੁਸਾਰ, ਮ੍ਰਿਤਕਾਂ ਵਿੱਚੋਂ 23 ਲੋਕਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ, ਜਦੋਂ ਕਿ 2 ਲੋਕਾਂ ਦੀ ਮੌਤ ਸੜਨ ਕਾਰਨ ਹੋਈ। ਮਰਨ ਵਾਲਿਆਂ ਵਿੱਚ ਚਾਰ ਸੈਲਾਨੀ (ਟੂਰਿਸਟ) ਅਤੇ 14 ਨਾਈਟ ਕਲੱਬ ਦੇ ਕਰਮਚਾਰੀ ਸ਼ਾਮਲ ਹਨ, ਜਦਕਿ ਬਾਕੀ ਸੱਤ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਕਲੱਬ ਦੇ ਸੁਰੱਖਿਆ ਗਾਰਡ ਸੰਜੇ ਕੁਮਾਰ ਗੁਪਤਾ ਨੇ ਦੱਸਿਆ ਕਿ ਅੱਗ ਅਚਾਨਕ ਲੱਗੀ।
ਮੈਨੇਜਰ ਗ੍ਰਿਫ਼ਤਾਰ, ਮਾਲਕ ਖ਼ਿਲਾਫ਼ ਵਾਰੰਟ ਜਾਰੀ
ਇਸ ਭਿਆਨਕ ਹਾਦਸੇ ਤੋਂ ਬਾਅਦ ਪੁਲਿਸ ਨੇ ‘ਬਿਰਚ’ ਨਾਈਟ ਕਲੱਬ ਦੇ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਕਲੱਬ ਦੇ ਮਾਲਕ ਖਿਲਾਫ਼ ਵੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।
ਮੁੱਖ ਮੰਤਰੀ ਵੱਲੋਂ ਜਾਂਚ ਦੇ ਆਦੇਸ਼
ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ 25 ਮੌਤਾਂ ਦੀ ਪੁਸ਼ਟੀ ਕੀਤੀ। ਮੁੱਖ ਮੰਤਰੀ ਸਾਵੰਤ ਨੇ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਹਨ ਤਾਂ ਜੋ ਅੱਗ ਲੱਗਣ ਦੇ ਕਾਰਨਾਂ ਅਤੇ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਕੀਤੀ ਜਾਵੇਗੀ ਕਿ ਕੀ ਕਲੱਬ ਵਿੱਚ ਅੱਗ ਸੁਰੱਖਿਆ ਮਾਪਦੰਡਾਂ  ਅਤੇ ਇਮਾਰਤ ਨਿਰਮਾਣ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜਾ ਵੀ ਇਸ ਘਟਨਾ ਵਿੱਚ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਜੇਲ੍ਹ ਭੇਜਿਆ ਜਾਵੇਗਾ। ਸਾਵੰਤ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਵੇਰੇ ਉਨ੍ਹਾਂ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਲਈ ਸੀ। ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਲੱਗਿਆ ਕਿ ਅੱਗ ਕਲੱਬ ਦੇ ਪਹਿਲੇ ਫਲੋਰ ‘ਤੇ ਲੱਗੀ ਸੀ ਅਤੇ ਭੀੜ ਛੋਟੇ ਦਰਵਾਜ਼ਿਆਂ ਕਾਰਨ ਬਾਹਰ ਨਹੀਂ ਨਿਕਲ ਸਕੀ, ਜਿਸ ਕਰਕੇ ਕੁਝ ਲੋਕ ਹੇਠਲੇ ਫਲੋਰ ‘ਤੇ ਫਸ ਗਏ।

By Rajeev Sharma

Leave a Reply

Your email address will not be published. Required fields are marked *