24 ਘੰਟਿਆਂ ਲਈ ਇੰਟਰਨੈੱਟ ਬੰਦ ! ਨਦੀ ‘ਚ ਔਰਤ ਦੀ ਬਿਨਾਂ ਸਿਰ ਲਾਸ਼ ਮਿਲਣ ਮਗਰੋਂ ਮਲਕਾਨਗਿਰੀ ‘ਚ ਤਣਾਅ

 ਓਡੀਸ਼ਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਲਕਾਨਗਿਰੀ ਜ਼ਿਲ੍ਹੇ ‘ਚ ਪੈਂਦੇ 2 ਪਿੰਡਾਂ ਐੱਮ.ਵੀ 26 ਤੇ ਰਖੇਲਗੁੜਾ ਦੇ ਲੋਕਾਂ ਵਿਚਾਲੇ ਉਸ ਸਮੇਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਲਾਕੇ ‘ਚ ਪੈਂਦੀ ਇਕ ਨਦੀ ‘ਚ ਇਕ 51 ਸਾਲਾ ਔਰਤ ਦੀ ਸਿਰ ਵੱਢੀ ਹੋਈ ਲਾਸ਼ ਮਿਲਣ ਮਗਰੋਂ ਦੋਵਾਂ ਪਿੰਡਾਂ ਦੇ ਲੋਕ ਭੜਕ ਗਏ। ਇਸ ਮਗਰੋਂ ਰਖੇਲਗੁੜਾ ਪਿੰਡ ਦੇ ਲੋਕ ਹੱਥਾਂ ‘ਚ ਤੀਰ-ਕਮਾਨ, ਕੁਹਾੜੀਆਂ ਤੇ ਹੋਰ ਹਥਿਆਰ ਲੈ ਕੇ ਦੂਜੇ ਪਿੰਡ ‘ਚ ਜਾ ਵੜੇ ਤੇ ਉੱਥੇ ਕਈ ਇਮਾਰਤਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਦੁਕਾਨਾਂ ਨੂੰ ਲੁੱਟ ਲਿਆ ਤੇ ਕਈ ਵਾਹਨਾਂ ਦੀ ਭੰਨ-ਤੋੜ ਕੀਤੀ।

ਇਸ ਹਿੰਸਕ ਟਕਰਾਅ ਨੂੰ ਦੇਖਦੇ ਹੋਏ ਸੋਮਵਾਰ ਸ਼ਾਮ ਨੂੰ ਮਾਲਕਨਗਿਰੀ ਜ਼ਿਲ੍ਹੇ ‘ਚ ਪੈਂਦੇ 2 ਪਿੰਡਾਂ ਵਿਚਕਾਰ ਹੋਏ ਹਿੰਸਕ ਟਕਰਾਅ ਦੇ ਮੱਦੇਨਜ਼ਰ ਅਗਲੇ 24 ਘੰਟਿਆਂ ਲਈ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਕੁਝ ਸਮਾਜ ਵਿਰੋਧੀ ਤੱਤ WhatsApp, Facebook ਅਤੇ X ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰਕੇ ਭੜਕਾਊ ਅਤੇ ਗਲਤ ਸੰਦੇਸ਼ ਫੈਲਾ ਰਹੇ ਸਨ, ਜਿਸ ਨਾਲ ਜਨਤਕ ਵਿਵਸਥਾ ਨੂੰ ਖ਼ਤਰਾ ਪੈਦਾ ਹੋ ਗਿਆ ਸੀ। ਗ੍ਰਹਿ ਵਿਭਾਗ ਦੁਆਰਾ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਕਦਮ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਪੀਲ ‘ਤੇ ਚੁੱਕਿਆ ਗਿਆ ਹੈ।

ਹੁਕਮਾਂ ਮੁਤਾਬਕ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਸੇਵਾਵਾਂ ਦੀ ਇਹ ਮੁਅੱਤਲੀ 8 ਦਸੰਬਰ ਸ਼ਾਮ 6:00 ਵਜੇ ਤੋਂ ਲੈ ਕੇ 9 ਦਸੰਬਰ ਸ਼ਾਮ 6:00 ਵਜੇ ਤੱਕ ਲਾਗੂ ਰਹੇਗੀ। ਇਹ ਹੁਕਮ ਟੈਲੀਕਮਿਊਨੀਕੇਸ਼ਨ ਐਕਟ, 2023 ਦੀ ਧਾਰਾ 20 ਅਤੇ ਸੰਬੰਧਿਤ 2024 ਨਿਯਮਾਂ ਤਹਿਤ ਜਾਰੀ ਕੀਤਾ ਗਿਆ ਹੈ, ਜੋ ਸਰਕਾਰ ਨੂੰ ਜਨਤਕ ਸੁਰੱਖਿਆ ਦੇ ਹਿੱਤ ਵਿੱਚ ਦੂਰਸੰਚਾਰ ਸੇਵਾਵਾਂ ਨੂੰ ਮੁਅੱਤਲ ਕਰਨ ਦੀ ਵਿਆਪਕ ਸ਼ਕਤੀ ਦਿੰਦਾ ਹੈ।

ਇਸ ਦੌਰਾਨ ਮਾਲਕਨਗਿਰੀ ਦੇ ਜ਼ਿਲ੍ਹਾ ਕੁਲੈਕਟਰੇਟ, ਪੁਲਸ ਦਫ਼ਤਰਾਂ ਅਤੇ ਹਸਪਤਾਲਾਂ ਸਮੇਤ ਮੁੱਖ ਪ੍ਰਸ਼ਾਸਕੀ ਤੇ ਪੁਲਸ ਦਫ਼ਤਰਾਂ ਦੀਆਂ ਸਿਰਫ਼ ਜ਼ਰੂਰੀ ਟੈਲੀਫੋਨ ਲਾਈਨਾਂ ਨੂੰ ਤਾਲਮੇਲ ਦੇ ਉਦੇਸ਼ਾਂ ਲਈ ਛੋਟ ਦਿੱਤੀ ਗਈ ਹੈ। ਖੇਤਰ ਵਿੱਚ ਹੋਰ ਹਿੰਸਾ ਨੂੰ ਰੋਕਣ ਅਤੇ ਸ਼ਾਂਤੀ ਬਹਾਲ ਕਰਨ ਲਈ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ 4 ਦਸੰਬਰ ਨੂੰ ਰਖੇਲਗੁੜਾ ਪਿੰਡ ਨੇੜੇ ਪੋਟੇਰੂ ਨਦੀ ‘ਚ ਇਕ 51 ਸਾਲਾ ਆਦਿਵਾਸੀ ਵਿਧਵਾ ਔਰਤ ਦੀ ਸਿਰ ਵੱਢੀ ਹੋਈ ਲਾਸ਼ ਮਿਲਣ ਮਗਰੋਂ ਦੋਵਾਂ ਪਿੰਡਾਂ ਵਿਚਾਲੇ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਸੀ, ਪਰ ਸੋਮਵਾਰ ਨੂੰ ਦੋਵਾਂ ਪਿੰਡਾਂ ਵਿਚਾਲੇ ਮਾਹੌਲ ਮਘ ਗਿਆ ਤੇ ਹਿੰਸਕ ਟਕਰਾਅ ਹੋ ਗਿਆ, ਜਿਸ ਕਾਰਨ ਪ੍ਰਸ਼ਾਸਨ ਨੂੰ ਇਲਾਕੇ ‘ਚ ਇੰਟਰਨੈੱਟ ‘ਤੇ 24 ਘੰਟੇ ਲਈ ਪਾਬੰਦੀ ਲਾਉਣੀ ਪਈ ਹੈ। 

By Rajeev Sharma

Leave a Reply

Your email address will not be published. Required fields are marked *