ਪੰਜਾਬ ਚੋਣਾਂ : ਠੰਡ ਵਧਣ ਕਾਰਣ ਦੀਨਾਨਗਰ ਦੇ ਲੋਕਾਂ ‘ਚ ਘਟਿਆ ਵੋਟਾਂ ਦਾ ਉਤਸ਼ਾਹ

ਦੀਨਾਨਗਰ : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਬਲਾਕ ਦੌਰਾਂਗਲਾ ਅਤੇ ਦੀਨਾਨਗਰ ਦੇ ਵੱਖ-ਵੱਖ ਪਿੰਡਾਂ ਅੰਦਰ ਵੋਟਿੰਗ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਹੈ ਪਰ ਸਰਦੀ ਦੇ ਸੀਜ਼ਨ ਦੀ ਪਹਿਲੀ ਧੁੰਦ ਪੈਣ ਕਾਰਨ ਅੱਜ ਠੰਡ ਜ਼ਿਆਦਾ ਹੋਣ ਦੇ ਚੱਲਦੇ ਸਵੇਰ ਸਮੇਂ ਲੋਕਾਂ ਵਿਚ ਵੋਟਾਂ ਪਾਉਣ ਦਾ ਜ਼ਿਆਦਾ ਉਤਸ਼ਾਹ ਵੇਖਣ ਨੂੰ ਨਜ਼ਰ ਨਹੀਂ ਆਇਆ। ਵਧੇਰੇ ਬੂਥਾਂ ਵਿਚ ਸਿਰਫ ਇਕ ਦੋ ਲੋਕ ਹੀ ਵੋਟ ਪਾਉਂਦੇ ਨਜ਼ਰ ਆਏ। ਇੱਕ ਦੋ ਪਿੰਡਾਂ ਵਿਚ ਜ਼ਰੂਰ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਦਿਖਾਈ ਦਿੱਤੀਆਂ ਪਰ ਵਧੇਰੇ ਪਿੰਡਾਂ ਵਿਚ ਅਜੇ ਥੋੜੀ ਦੇਰ ਤੱਕ ਲਾਈਨਾਂ ਲੱਗਦੀਆਂ ਨਜ਼ਰ ਦਿਖਾਈ ਦੇ ਸਕਦੀਆਂ ਹਨ ਪਰ ਜ਼ਿਆਦਾ ਬੂਥਾਂ ‘ਚ ਭੀੜ ਦਿਖਾਈ ਨਹੀਂ ਦਿੱਤੀ। 

ਇਸੇ ਤਰ੍ਹਾਂ ਹੀ ਰਾਵੀ ਦਰਿਆ ਤੋਂ ਪਰਲੇ ਪਾਸੇ ਵਸੇ ਅੱਧੀ ਦਰਜਨ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਵੋਟਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਧਰ ਸੁਰੱਖਿਆ ਨੂੰ ਲੈ ਕੇ ਐੱਸਐੱਸਪੀ ਗੁਰਦਾਸਪੁਰ ਅਦਿੱਤਿਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐੱਸਪੀ ਦੀਨਾਨਗਰ ਰਜਿੰਦਰ ਮਿਹਨਾਸ ਦੀ ਅਗਵਾਈ ਹੇਠ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐੱਸਪੀ ਰਜਿੰਦਰ ਮਿਹਨਾਸ ਨੇ ਦੱਸਿਆ ਕਿ ਅਮਨ ਸ਼ਾਂਤੀ ਨਾਲ ਵੋਟਾਂ ਨੂੰ ਮੁਕੰਮਲ ਕਰਨ ਲਈ ਪੁਲਸ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਹੋਏ ਹਨ ਅਤੇ ਉਹ ਖੁਦ ਹਰ ਬੂਥ ‘ਤੇ ਜਾ ਕੇ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ  ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਵੋਟ ਦੇ ਹੱਕ ਦਾ ਅਮਨ ਸ਼ਾਂਤੀ ਨਾਲ ਇਸਤੇਮਾਲ ਕਰਨ। 

By Gurpreet Singh

Leave a Reply

Your email address will not be published. Required fields are marked *