ਸੋਹਾਣਾ ਕਬੱਡੀ ਕਤਲ ਮਾਮਲਾ: ਲਾਲੜੂ ’ਚ ਇਕ ਸ਼ੂਟਰ ਪੁਲਿਸ ਮੁਕਾਬਲੇ ਦੌਰਾਨ ਢੇਰ

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਸਿੱਧ ਕਬੱਡੀ ਖਿਡਾਰੀ ਤੇ ਪ੍ਰਮੋਟਰ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਬੁੱਧਵਾਰ ਨੂੰ ਐਸਏਐਸ ਨਗਰ (ਮੋਹਾਲੀ) ਪੁਲਿਸ ਨੇ ਲਾਲੜੂ ਇਲਾਕੇ ਵਿੱਚ ਹੋਏ ਮੁਕਾਬਲੇ ਤੋਂ ਬਾਅਦ ਇੱਕ ਅਹਿਮ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਪੰਜਾਬ ਪੁਲਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਨੌਸ਼ਹਿਰਾ ਪੰਨੂਆਂ, ਜ਼ਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਹਰਪਿੰਦਰ ਸਿੰਘ ਉਰਫ਼ ਮਿੱਡੂ ਨੂੰ ਜਾਲ ਵਿਛਾ ਕੇ ਕਾਬੂ ਕੀਤਾ ਗਿਆ। ਪੁਲਿਸ ਨਾਲ ਹੋਈ ਗੋਲੀਬਾਰੀ ਦੌਰਾਨ ਮੁਲਜ਼ਮ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਕਾਰਵਾਈ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਸ ਮਾਮਲੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਕਰਦਿਆਂ ਪੁਲਿਸ ਨੇ ਦੱਸਿਆ ਕਿ ਕਤਲ ਦੀ ਸਾਜ਼ਿਸ਼ ਦੇ ਮਾਸਟਰਮਾਈਂਡ ਅਸ਼ਵਿੰਦਰ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਵੀ ਤਰਨ ਤਾਰਨ ਜ਼ਿਲ੍ਹੇ ਦਾ ਵਸਨੀਕ ਹੈ। ਪੁਲਿਸ ਅਨੁਸਾਰ ਇਸ ਗ੍ਰਿਫ਼ਤਾਰੀ ਨਾਲ ਫੰਡਿੰਗ, ਹਥਿਆਰਾਂ ਦੀ ਵਿਆਵਸਥਾ ਅਤੇ ਸ਼ੂਟਰਾਂ ਵਿਚਕਾਰ ਸਹਿਯੋਗ ਸਮੇਤ ਪੂਰੀ ਸਾਜ਼ਿਸ਼ ਦੀ ਪਰਤ ਦਰ ਪਰਤ ਖੋਲ੍ਹ ਹੋਣ ਦੀ ਉਮੀਦ ਹੈ।

ਗੌਰਤਲਬ ਹੈ ਕਿ ਰਾਣਾ ਬਲਾਚੌਰੀਆ ਦੀ ਮੋਹਾਲੀ ਵਿੱਚ ਉਸ ਸਮੇਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਇੱਕ ਸ਼ੂਟਰ ਨੇ ਸੈਲਫੀ ਦੇ ਬਹਾਨੇ ਨੇੜੇ ਆ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਨੇ ਪੰਜਾਬ ਭਰ, ਖ਼ਾਸ ਕਰਕੇ ਕਬੱਡੀ ਅਤੇ ਖੇਡ ਜਗਤ ਵਿੱਚ, ਗਹਿਰਾ ਸਦਮਾ ਪੈਦਾ ਕਰ ਦਿੱਤਾ ਸੀ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਰਪਿੰਦਰ ਉਰਫ਼ ਮਿੱਡੂ ਦਾ ਅਪਰਾਧਿਕ ਪਿਛੋਕੜ ਕਾਫ਼ੀ ਗੰਭੀਰ ਹੈ ਅਤੇ ਉਹ ਕਈ ਸੰਗੀਨ ਮਾਮਲਿਆਂ ਵਿੱਚ ਸ਼ਾਮਲ ਰਹਿ ਚੁੱਕਾ ਹੈ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਸ਼ੂਟਰ ਆਦਿਤਿਆ ਕਪੂਰ ਅਤੇ ਕਰਨ ਪਾਠਕ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸਨ, ਜਿਨ੍ਹਾਂ ਬਾਰੇ ਦੱਸਿਆ ਗਿਆ ਕਿ ਉਨ੍ਹਾਂ ਨੇ ਯੋਜਨਾਬੱਧ ਤਰੀਕੇ ਨਾਲ ਕਤਲ ਨੂੰ ਅੰਜਾਮ ਦਿੱਤਾ। ਪੁਲਿਸ ਦਾ ਮੰਨਣਾ ਹੈ ਕਿ ਇਸ ਪੂਰੀ ਵਾਰਦਾਤ ਪਿੱਛੇ ਇੱਕ ਵੱਡਾ ਗੈਂਗ ਨੈੱਟਵਰਕ ਸਰਗਰਮ ਸੀ, ਜਿਸ ਦੀ ਜਾਂਚ ਹਾਲੇ ਜਾਰੀ ਹੈ।

By Gurpreet Singh

Leave a Reply

Your email address will not be published. Required fields are marked *