ਸਕੂਲ ਆਫ ਐਮੀਨੈਂਸ ਦੇ ਸਮੁੱਚੇ ਅਧਿਆਪਕ ਸਟਾਫ ਨੇ ਪ੍ਰਿੰਸੀਪਲ ਖਿਲਾਫ਼ ਖੋਲ੍ਹਿਆ ਮੋਰਚਾ

ਨੈਸ਼ਨਲ ਟਾਈਮਜ਼ ਬਿਊਰੋ :- ਫਰੀਦਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੋ ਹੁਣ ਸਕੂਲ ਆਫ ਐਮੀਨੈਂਸ ਦੇ ਤੌਰ ਉਤੇ ਜਾਣਿਆ ਜਾਂਦਾ ਹੈ, ਦੇ ਸਮੂਹ ਟੀਚਰ ਸਟਾਫ ਵੱਲੋਂ ਅੱਜ ਸਕੂਲ ਦੀ ਪ੍ਰਿੰਸੀਪਲ ਮੈਡਮ ਕਿਰਨ ਦੀਪ ਕੌਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਸਕੂਲ ਦੇ ਅਧਿਆਪਕਾਂ ਨੇ ਇਲਜ਼ਾਮ ਲਗਾਏ ਕੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਉਨ੍ਹਾਂ ਨਾਲ ਤਾਨਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ ਅਤੇ ਬਿਨਾਂ ਕਿਸੇ ਗੱਲ ਤੋਂ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿਸ ਤੋਂ ਦੁਖੀ ਹੋ ਕੇ ਅੱਜ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 

ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਵੱਲੋਂ ਆਪਣਾ ਤਾਨਸ਼ਾਹੀ ਰਵੱਈਆ ਅਪਣਾਉਂਦੇ ਹੋਏ ਸਕੂਲ ਅਧਿਆਪਕਾਂ ਦੇ ਰੋਸ ਦੇ ਚੱਲਦੇ ਸਕੂਲ ਦਾ ਗੇਟ ਬੰਦ ਕਰ ਉਨ੍ਹਾਂ ਨੂੰ ਕੈਦੀਆਂ ਵਾਂਗ ਸਲੂਕ ਕੀਤਾ ਅਤੇ ਮੀਡੀਆ ਨੂੰ ਵੀ ਕਵਰੇਜ਼ ਕਰਨ ਤੋਂ ਰੋਕਣ ਲਈ ਮੀਡੀਆ ਕਰਮੀਆਂ ਨੂੰ ਸਕੂਲ ਅੰਦਰ ਜਾਣ ਤੋਂ ਰੋਕਿਆ ਗਿਆ। ਇਸ ਮੌਕੇ ਸਕੂਲ ਅਧਿਆਪਕਾਂ ਵੱਲੋਂ ਪ੍ਰਿੰਸੀਪਲ ਦੀ ਬਦਲੀ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਮੈਡਮ ਵੱਲੋਂ ਉਨ੍ਹਾਂ ਨਾਲ ਹਰ ਵਾਰ ਸਖ਼ਤ ਰਵੱਈਆ ਰੱਖਿਆ ਜਾਂਦਾ ਹੈ। ਕਦੇ ਉਨ੍ਹਾਂ ਨੂੰ ਸਕੂਲ ਡਰੈਸ ਕੋਡ ਦੇ ਨਾਮ ਤੇ ਵਰਦੀ ਦਾ ਪ੍ਰੈਸ਼ਰ ਦਿੱਤਾ ਜਾਂਦਾ ਹੈ ਅਤੇ ਵਾਰ ਵਾਰ ਉਨ੍ਹਾਂ ਦੇ ਕੰਮ ਵਿੱਚ ਟੋਕਾ-ਟਾਕੀ ਕੀਤੀ ਜਾਂਦੀ ਹੈ।

ਇੰਨਾ ਹੀ ਨਹੀਂ ਜੇਕਰ ਬਿਮਾਰੀ ਦੇ ਚੱਲਦੇ ਜਾਂ ਕਿਸੇ ਜ਼ਰੂਰੀ ਕੰਮ ਲਈ ਉਨ੍ਹਾਂ ਨੇ ਛੁੱਟੀ ਲੈਣੀ ਹੋਵੇ ਤਾਂ ਉਨ੍ਹਾਂ ਦੀ ਛੁੱਟੀ ਨੂੰ ਜਾਣਬੁੱਝ ਕੇ ਮਨਜ਼ੂਰ ਨਹੀਂ ਕੀਤਾ ਜਾਂਦਾ। ਉਲਟਾ ਜੇਕਰ ਕੋਈ ਟੀਚਰ ਛੁੱਟੀ ਉਤੇ ਹੋਵੇ ਤਾਂ ਉਸ ਤੋਂ ਲਾਈਵ ਲੋਕੇਸ਼ਨ ਮੰਗੀ ਜਾਂਦੀ ਹੈ ਜਿਸ ਦੇ ਚੱਲਦੇ ਉਨ੍ਹਾਂ ਨੂੰ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਬੱਚਿਆਂ ਨੂੰ ਧੱਕੇ ਨਾਲ ਵਾਪਸ ਭੇਜਿਆ ਗਿਆ ਜਾਂਦਾ ਹੈ ਤੇ ਸਕੂਲ ਦੇ ਗੇਟ ਨੂੰ ਤਾਲਾ ਲਗਾ ਕੇ ਅੰਦਰ ਡੱਕਿਆ ਜਾ ਰਿਹਾ ਨਾ ਹੀ ਮੀਡੀਆ ਨੂੰ ਅੰਦਰ ਆਉਣ ਦਿੱਤਾ ਜਾ ਰਿਹਾ ਤਾਂ ਜੋ ਸਾਡੀ ਆਵਾਜ਼ ਨੂੰ ਦਬਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਵਾਰ ਵਾਰ ਸਿੱਖਿਆ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਹਾਲਾਂਕਿ ਮੀਡੀਆ ਨੂੰ ਸਕੂਲ ਗੇਟ ਦੇ ਬਾਹਰ ਹੀ ਰੋਕ ਦਿੱਤਾ ਗਿਆ ਪਰ ਫਿਰ ਵੀ ਜਦ ਫੋਨ ਉਤੇ ਪ੍ਰਿੰਸਪੀਲ ਮੈਡਮ ਕਿਰਨ ਦੀਪ ਕੌਰ ਦਾ ਪੱਖ ਲੈਣਾ ਚਾਹਿਆ ਤਾਂ ਉਨ੍ਹਾਂ ਵੱਲੋਂ ਫ਼ੋਨ ਅਟੈਂਡ ਨਹੀਂ ਕੀਤਾ ਗਿਆ।

By Gurpreet Singh

Leave a Reply

Your email address will not be published. Required fields are marked *