ਚੰਡੀਗੜ੍ਹ : ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਦਨ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ।
ਕਾਰਵਾਈ ਮੁੜ ਸ਼ੁਰੂ ਹੋਣ ਉਪਰੰਤ ਸਦਨ ਵਿੱਚ ਹੰਗਾਮਾ ਹੋ ਗਿਆ। ਬੋਲਣ ਲਈ ਸਮਾਂ ਨਾ ਮਿਲਣ ਦੇ ਮਸਲੇ ’ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਦਨ ਦੇ ਵੈੱਲ ਵਿੱਚ ਆ ਗਏ ਅਤੇ ਸਪੀਕਰ ਨਾਲ ਬਹਿਸ ਕਰਨ ਲੱਗ ਪਏ। ਇਸ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਂਗਰਸ ਨੂੰ ਬੋਲਣ ਲਈ 18 ਮਿੰਟ ਦਾ ਸਮਾਂ ਦਿੱਤਾ ਗਿਆ ਸੀ, ਪਰ ਹਕੀਕਤ ਵਿੱਚ ਉਨ੍ਹਾਂ ਨੂੰ 28 ਮਿੰਟ ਤੱਕ ਬੋਲਣ ਦੀ ਇਜਾਜ਼ਤ ਦਿੱਤੀ ਗਈ।
ਹੰਗਾਮਾ ਜਾਰੀ ਰਹਿਣ ’ਤੇ ਸਪੀਕਰ ਨੇ ਸੁਖਪਾਲ ਸਿੰਘ ਖਹਿਰਾ ਨੂੰ ‘ਨੇਮ’ ਕਰਦਿਆਂ ਸਦਨ ਤੋਂ ਬਾਹਰ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ। ਸਪੀਕਰ ਦੇ ਹੁਕਮਾਂ ਮਗਰੋਂ ਮਾਰਸ਼ਲਾਂ ਨੇ ਸੁਖਪਾਲ ਖਹਿਰਾ ਨੂੰ ਜ਼ਬਰਦਸਤੀ ਸਦਨ ਵਿੱਚੋਂ ਬਾਹਰ ਕੱਢਿਆ।
ਇਸ ਦੌਰਾਨ ਸਦਨ ਵਿੱਚ ਭਾਰੀ ਰੌਲਾ-ਰੱਪਾ ਰਿਹਾ ਅਤੇ ਵਿਰੋਧੀ ਧਿਰ ਦੇ ਹੋਰ ਮੈਂਬਰਾਂ ਨੇ ਵੀ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਸਦਨ ਵਿੱਚ ਮੌਜੂਦ ਰਹੇ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੁਖਪਾਲ ਸਿੰਘ ਖਹਿਰਾ ’ਤੇ ਤਿੱਖੇ ਸ਼ਬਦਾਂ ਵਿੱਚ ਨਿਸ਼ਾਨਾ ਸਾਧਿਆ। ਮਾਨ ਨੇ ਕਿਹਾ ਕਿ ਖਹਿਰਾ ਸਦਨ ਦੀ ਕਾਰਵਾਈ ਵਿੱਚ ਰੁਕਾਵਟ ਪੈਦਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, “ਇਹ ਗਰੀਬਾਂ ਦੀ ਆਵਾਜ਼ ਨਹੀਂ ਬਣਨਾ ਚਾਹੁੰਦੇ। ਇਹ ਮੈਨੂੰ ਬੋਲਣ ਨਹੀਂ ਦੇਣਾ ਚਾਹੁੰਦੇ। ਮੈਂ ਕਿਸੇ ਬਾਪੂ ਦੀ ਕਮਾਈ ਨਹੀਂ, ਸਗੋਂ ਗਰੀਬ ਲੋਕਾਂ ਦੀ ਗੱਲ ਕਰਨ ਵਾਲਾ ਮੁੱਖ ਮੰਤਰੀ ਹਾਂ। ਸੁਖਪਾਲ ਖੈਰਾ ਨੇ ਸਪੀਕਰ ਨੂੰ ਕਿਹਾ “ਡਾਕੂ””
ਹੰਗਾਮੇ ਕਾਰਨ ਸਦਨ ਦੀ ਕਾਰਵਾਈ ਕੁਝ ਸਮੇਂ ਲਈ ਪ੍ਰਭਾਵਿਤ ਰਹੀ।
