IPL 2027: ਪੰਜਾਬ ਕਿੰਗਜ਼ ਨਾਲ ਜੁੜ ਸਕਦੇ ਹਨ ਹਾਰਦਿਕ ਪਾਂਡਿਆ, ਅਰਸ਼ਦੀਪ ਸਿੰਘ ਦੀ ਮੁੰਬਈ ਇੰਡੀਅਨਜ਼ ’ਚ ਜਾਣ ਦੀ ਚਰਚਾ

ਨਵੀਂ ਦਿੱਲੀ (ਗੁਰਪ੍ਰੀਤ ਸਿੰਘ) : ਆਈਪੀਐੱਲ 2027 ਤੋਂ ਪਹਿਲਾਂ ਭਾਰਤੀ ਟੀਮ ਦੇ ਦਿੱਗਜ ਆਲਰਾਊਂਡਰ ਹਾਰਦਿਕ ਪਾਂਡਿਆ ਦੀ ਟੀਮ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ‘ਦਿ ਹਿੰਦੂ’ ਦੀ ਰਿਪੋਰਟ ਮੁਤਾਬਕ, ਹਾਰਦਿਕ ਪਾਂਡਿਆ ਆਉਣ ਵਾਲੇ ਸੀਜ਼ਨ ਵਿੱਚ ਪੰਜਾਬ ਕਿੰਗਜ਼ ਵੱਲੋਂ ਖੇਡਦੇ ਨਜ਼ਰ ਆ ਸਕਦੇ ਹਨ, ਜਦਕਿ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਮੁੰਬਈ ਇੰਡੀਅਨਜ਼ ਵਿੱਚ ਜਾਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਇਸ ਸੌਦੇ ਦਾ ਅਧਿਕਾਰਤ ਐਲਾਨ ਹਾਲੇ ਨਹੀਂ ਹੋਇਆ ਹੈ।

ਰਿਪੋਰਟ ਮੁਤਾਬਕ, ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖਿਡਾਰੀਆਂ ਦੀ ਅਦਲਾ-ਬਦਲੀ ਨੂੰ ਲੈ ਕੇ ਸਮਝੌਤਾ ਹੋਇਆ ਹੈ। ਪੰਜਾਬ ਕਿੰਗਜ਼ ਹਾਰਦਿਕ ਪਾਂਡਿਆ ਦੇ ਬਦਲੇ ਦੋ ਖਿਡਾਰੀ ਦੇ ਸਕਦੀ ਹੈ। ਇਨ੍ਹਾਂ ਵਿੱਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਵਿਕਟਕੀਪਰ-ਬੱਲੇਬਾਜ਼ ਵਿਸ਼ਨੂੰ ਵਿਨੋਦ ਦੇ ਨਾਮ ਸ਼ਾਮਲ ਹਨ।

ਅਰਸ਼ਦੀਪ ਸਿੰਘ ਦੀ ਜਗ੍ਹਾ ਮੋਹਸਿਨ ਖਾਨ ਨੂੰ ਲਿਆਉਣ ਦੀ ਚਰਚਾ

ਰਿਪੋਰਟ ਅਨੁਸਾਰ, ਅਰਸ਼ਦੀਪ ਸਿੰਘ ਦੇ ਜਾਣ ਤੋਂ ਬਾਅਦ ਪੰਜਾਬ ਕਿੰਗਜ਼ ਲਖਨਊ ਸੁਪਰ ਜਾਇੰਟਸ ਨਾਲ ਵੀ ਖਿਡਾਰੀਆਂ ਦੀ ਅਦਲਾ-ਬਦਲੀ ਕਰ ਸਕਦੀ ਹੈ। ਚਰਚਾ ਹੈ ਕਿ ਪੰਜਾਬ, ਆਸਟ੍ਰੇਲੀਆਈ ਆਲਰਾਊਂਡਰ ਮਾਰਕਸ ਸਟੋਇਨਿਸ ਦੀ ਜਗ੍ਹਾ ਲਖਨਊ ਤੋਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੋਹਸਿਨ ਖਾਨ ਨੂੰ ਟੀਮ ਵਿੱਚ ਸ਼ਾਮਲ ਕਰ ਸਕਦੀ ਹੈ।

ਜੇਕਰ ਇਹ ਸੌਦਾ ਹੁੰਦਾ ਹੈ ਤਾਂ ਪੰਜਾਬ ਨੂੰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦੇ ਰੂਪ ਵਿੱਚ ਅਰਸ਼ਦੀਪ ਦੀ ਜਗ੍ਹਾ ਲੈਣ ਲਈ ਇੱਕ ਵਿਕਲਪ ਮਿਲ ਸਕਦਾ ਹੈ। ਹਾਰਦਿਕ ਪਾਂਡਿਆ ਦੇ ਟੀਮ ਵਿੱਚ ਆਉਣ ਨਾਲ ਮਾਰਕਸ ਸਟੋਇਨਿਸ ਦੀ ਭੂਮਿਕਾ ਵੀ ਬਦਲ ਸਕਦੀ ਹੈ।

ਮੁੰਬਈ ਇੰਡੀਅਨਜ਼ ਵਿੱਚ ਵਾਪਸੀ ਤੋਂ ਬਾਅਦ ਬਦਲਿਆ ਹਾਲਾਤ

ਹਾਰਦਿਕ ਪਾਂਡਿਆ ਨੇ ਆਪਣੇ ਆਈਪੀਐੱਲ ਕਰੀਅਰ ਦੀ ਸ਼ੁਰੂਆਤ ਮੁੰਬਈ ਇੰਡੀਅਨਜ਼ ਨਾਲ ਕੀਤੀ ਸੀ। ਇਸ ਤੋਂ ਬਾਅਦ 2022 ਵਿੱਚ ਉਹ ਨਵੀਂ ਟੀਮ ਗੁਜਰਾਤ ਟਾਈਟਨਜ਼ ਨਾਲ ਜੁੜ ਗਏ। ਉਨ੍ਹਾਂ ਦੀ ਕਪਤਾਨੀ ਵਿੱਚ ਗੁਜਰਾਤ ਨੇ ਆਪਣੇ ਪਹਿਲੇ ਹੀ ਸੀਜ਼ਨ ਵਿੱਚ ਖ਼ਿਤਾਬ ਜਿੱਤਿਆ ਸੀ। 2023 ਵਿੱਚ ਵੀ ਟੀਮ ਫਾਈਨਲ ਤੱਕ ਪਹੁੰਚੀ, ਪਰ ਖ਼ਿਤਾਬ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੀ।

2024 ਵਿੱਚ ਪਾਂਡਿਆ ਮੁੰਬਈ ਇੰਡੀਅਨਜ਼ ਵਿੱਚ ਕਪਤਾਨ ਵਜੋਂ ਵਾਪਸ ਆਏ। ਇਸ ਤੋਂ ਬਾਅਦ ਟੀਮ ਦੇ ਪ੍ਰਦਰਸ਼ਨ ਅਤੇ ਅੰਦਰੂਨੀ ਮਾਹੌਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸਾਹਮਣੇ ਆਈਆਂ। ਟੀਮ ਵਿੱਚ ਗੁੱਟਬੰਦੀ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ, ਜਦਕਿ ਪਾਂਡਿਆ ਦੀ ਕਪਤਾਨੀ ਨੂੰ ਲੈ ਕੇ ਵੀ ਸਵਾਲ ਉੱਠੇ।

ਹੁਣ ਆਈਪੀਐੱਲ 2027 ਤੋਂ ਪਹਿਲਾਂ ਹਾਰਦਿਕ ਪਾਂਡਿਆ ਦੇ ਪੰਜਾਬ ਕਿੰਗਜ਼ ਵਿੱਚ ਜਾਣ ਅਤੇ ਅਰਸ਼ਦੀਪ ਸਿੰਘ ਦੇ ਮੁੰਬਈ ਇੰਡੀਅਨਜ਼ ਨਾਲ ਜੁੜਨ ਦੀਆਂ ਖ਼ਬਰਾਂ ਨੇ ਕ੍ਰਿਕਟ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਹੈ। ਫਿਲਹਾਲ ਇਸ ਸੰਭਾਵਿਤ ਟ੍ਰੇਡ ਬਾਰੇ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।

By Gurpreet Singh

Leave a Reply

Your email address will not be published. Required fields are marked *