ਪੰਜਾਬ : ਲਾੜੀ ਆਉਣ ਤੇ ਵਿਆਹ ਵਾਲੇ ਘਰ ਚੱਲੀਆਂ ਗੋਲ਼ੀਆਂ, ਇਕ ਦੀ ਮੌਤ

ਨੈਸ਼ਨਲ ਟਾਈਮਜ਼ ਬਿਊਰੋ :- ਜਲਾਲਾਬਾਦ ਦੇ ਬਾਹਮਣੀ ਵਾਲਾ ਰੋਡ ਰੇਲਵੇ ਫਾਟਕ ਕੋਲ ਵਿਆਹ ਦੀਆਂ ਰਸਮਾਂ ਵਿਚ ਉਸ ਵੇਲੇ ਚੀਕ ਚਿਹਾੜਾ ਪੈ ਗਿਆ, ਜਦੋਂ ਡੀ. ਜੇ. ‘ਤੇ ਚੱਲੀ ਗੋਲੀ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਬੀਤੀ ਰਾਤ ਲਗਭਗ ਸਾਢੇ 10 ਵਜੇ ਦੇ ਕਰੀਬ ਇਕ ਘਰ ਵਿਚ ਵਿਆਹ ਦਾ ਸਮਾਗਮ ਸੀ, ਡੋਲੀ ਲੈ ਕੇ ਪਰਿਵਾਰ ਘਰ ਪਹੁੰਚਿਆ ਤਾਂ ਨਵੀਂ ਆਈ ਲਾੜੀ ਨੂੰ ਪਰਿਵਾਰ ਦੀਆਂ ਲੜਕੀਆਂ ਆਪਣੇ ਨਾਲ ਡੀ.ਜੇ ’ਤੇ ਨੱਚਣ ਲਈ ਲੈ ਗਈਆਂ। ਇਸ ਦੌਰਾਨ ਗੁਆਂਢ ਵਿਚ ਰਹਿੰਦੇ ਨੌਜਵਾਨਾਂ ਨੇ ਨੋਟ ਵਾਰਨੇ ਸ਼ੁਰੂ ਕਰ ਦਿੱਤੇ। ਪਰਿਵਾਰ ਨੇ ਰੋਕਿਆ ਤਾਂ ਤਕਰਾਰ ਹੋ ਗਈ। ਪਹਿਲਾਂ ਮਾਮੂਲੀ ਤਕਰਾਰ ਹੋਈ ਬਾਅਦ ਵਿਚ ਉਕਤ ਸ਼ਖਸ ਆਪਣੇ ਹੋਰ ਸਾਥੀਆਂ ਨੂੰ ਲੈ ਕੇ ਮੌਕੇ ’ਤੇ ਪਹੁੰਚਿਆ। ਪਹਿਲਾਂ ਇੱਟਾਂ ਰੋੜੇ ਚਲਾਏ ਅਤੇ ਗੱਡੀਆਂ ਦੇ ਸ਼ੀਸ਼ੇ ਭੰਨੇ ਗਏ। ਬਾਅਦ ਵਿਚ ਗੋਲੀ ਚਲਾਈ ਗਈ, ਗੋਲੀ ਡੀਜੇ ਵਾਲੇ ਨਾਲ ਪੈਸੇ ਇਕੱਠੇ ਕਰਨ ਵਾਲੇ ਛੋਟੀ ਉਮਰ ਦੇ ਮੁੰਡੇ ਦੇ ਜਾ ਲੱਗੀ। 

ਇਸ ਦੌਰਾਨ ਲੋਕਾਂ ਵੱਲੋਂ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਬਾਅਦ ਵਿਚ ਉਸ ਦੀ ਮੌਤ ਹੋ ਗਈ। ਮ੍ਰਿਤਕ ਮੁੰਡਾ ਸਿਰਫ 300 ਰੁਪਏ ਦਿਹਾੜੀ ਬਦਲੇ ਪੈਸੇ ਇਕੱਠੇ ਕਰਨ ਆਇਆ ਸੀ ਪਰ ਉਸ ਦੀ ਗੋਲੀ ਲੱਗਣ ਕਾਰਣ ਮੌਤ ਹੋ ਗਈ। ਇਸ ਘਟਨਾਂ ਦੀ ਜਾਣਕਾਰੀ ਮਿਲਣ ‘ਤੇ ਸਬੰਧਤ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

By Gurpreet Singh

Leave a Reply

Your email address will not be published. Required fields are marked *