ਕਿਸਾਨ ਮੋਰਚੇ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਐਕਸ਼ਨ: ਅੱਧੀ ਰਾਤ ਨੂੰ ਜੋਗਿੰਦਰ ਉਗਰਾਹਾਂ ਦੇ ਘਰ ਮਾਰਿਆ ਛਾਪਾ, ਕਈ ਕਿਸਾਨ ਆਗੂ ਹਿਰਾਸਤ ‘ਚ

ਨੈਸ਼ਨਲ ਟਾਈਮਜ਼ ਬਿਊਰੋ :- ਚਾਉਕੇ ਆਦਰਸ਼ ਸਕੂਲ ਸੰਘਰਸ਼ ਨਾਲ ਜੁੜੇ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ, 6 ਫਰਵਰੀ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ ਡੀ.ਸੀ. ਦਫ਼ਤਰ ਦੇ ਬਾਹਰ ਲਗਾਏ ਜਾਣ ਵਾਲੇ ‘ਪੱਕੇ ਮੋਰਚੇ’ ਤੋਂ ਪਹਿਲਾਂ ਹੀ ਮਾਹੌਲ ਤਣਾਅਪੂਰਨ ਹੋ ਗਿਆ ਹੈ। ਪ੍ਰਸ਼ਾਸਨ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਟਕਰਾਅ ਦੀ ਸਥਿਤੀ ਉਸ ਸਮੇਂ ਪੈਦਾ ਹੋਈ ਜਦੋਂ ਪੁਲਿਸ ਨੇ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਆਗੂਆਂ ਦੇ ਘਰਾਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਘਰ ਵੀ ਛਾਪੇਮਾਰੀ ਕੀਤੀ ਗਈ, ਪਰ ਉਹ ਘਰ ਮੌਜੂਦ ਨਹੀਂ ਸਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਨੁਸਾਰ ਪੁਲਿਸ ਨੇ ਘਰਾਚੋਂ, ਮਹਿਲਾਂ, ਗੰਢੂਆਂ ਅਤੇ ਉਗਰਾਹਾਂ ਸਮੇਤ ਦਰਜਨਾਂ ਪਿੰਡਾਂ ਵਿੱਚ ਰੇਡ ਕੀਤੀ। ਜਥੇਬੰਦੀ ਨੇ ਸੋਸ਼ਲ ਮੀਡੀਆ ‘ਤੇ ਪੁਲਿਸ ਕਾਰਵਾਈ ਦੀ ਸੀ.ਸੀ.ਟੀ.ਵੀ. ਫੁਟੇਜ ਸਾਂਝੀ ਕਰਦਿਆਂ ਦੋਸ਼ ਲਾਇਆ ਕਿ ਪ੍ਰਸ਼ਾਸਨ ਲੋਕਤੰਤਰੀ ਵਿਰੋਧ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸਿਆ ਗਿਆ ਹੈ ਕਿ ਕਿਸਾਨ ਆਗੂ ਅਜੈਬ ਸਿੰਘ ਜਖੇਪਲ ਅਤੇ ਕਰਮਜੀਤ ਸਿੰਘ ਮੰਗਵਾਲ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜਦਕਿ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਸੁਖਪਾਲ ਸਿੰਘ ਮਾਣਕ ਸਮੇਤ ਹੋਰ ਆਗੂ ਪੁਲਿਸ ਦੇ ਹੱਥ ਨਹੀਂ ਆਏ। ਜਥੇਬੰਦੀ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਹੋਣ ਕਾਰਨ ਕਈ ਦਿੱਗਜ ਆਗੂ ਪੁਲਿਸ ਨੂੰ ਚਕਮਾ ਦੇ ਕੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਣ ਵਿੱਚ ਸਫ਼ਲ ਰਹੇ।

By Gurpreet Singh

Leave a Reply

Your email address will not be published. Required fields are marked *