ਕਸੂਤੇ ਫਸੇ ਮਨਕੀਰਤ ਔਲਖ, ਨਵੇਂ ਗੀਤ ‘ਅਸਲਾ’ ਨੂੰ ਲੈ ਕੇ BJP ਆਗੂ ਨੇ DGP ਨੂੰ ਚਿੱਠੀ ਲਿਖ ਦਰਜ ਕਰਵਾਈ ਸ਼ਿਕਾਇਤ

ਨੈਸ਼ਨਲ ਟਾਈਮਜ਼ ਬਿਊਰੋ :- ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ। ਉਨ੍ਹਾਂ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਨਵੇਂ ਗੀਤ ‘ਅਸਲਾ’ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੰਜਾਬ ਵਪਾਰ ਸੈੱਲ ਦੇ ਸਹਿ-ਕਨਵੀਨਰ ਅਰਵਿੰਦ ਸ਼ਰਮਾ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਸ਼ਰਮਾ ਨੇ ਇਸ ਸਬੰਧੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਸ (DGP) ਗੌਰਵ ਯਾਦਵ ਨੂੰ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਲੱਗੇ ਦੋਸ਼

ਭਾਜਪਾ ਆਗੂ ਦਾ ਕਹਿਣਾ ਹੈ ਕਿ ਮਨਕੀਰਤ ਔਲਖ ਦਾ ਨਵਾਂ ਗਾਣਾ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਵਾਲਾ ਹੈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ, ਗਾਣੇ ਵਿੱਚ ਹਿੰਸਾ ਅਤੇ ਹਥਿਆਰਾਂ ਦੀ ਖੁੱਲ੍ਹ ਕੇ ਨੁਮਾਇਸ਼ ਕੀਤੀ ਗਈ ਹੈ। ਇਹ ਗੀਤ ਨੌਜਵਾਨਾਂ ਨੂੰ ਗੈਂਗਸਟਰਵਾਦ ਅਤੇ ਹਿੰਸਾ ਵੱਲ ਉਕਸਾਉਂਦਾ ਹੈ। ਸ਼ਿਕਾਇਤਕਰਤਾ ਅਨੁਸਾਰ ਪੰਜਾਬ ਪਹਿਲਾਂ ਹੀ ਨਸ਼ਿਆਂ ਅਤੇ ਹਿੰਸਾ ਦੀ ਮਾਰ ਝੱਲ ਰਿਹਾ ਹੈ। ਅਜਿਹੇ ਮਾਹੌਲ ਵਿੱਚ “ਅਸਲਾ” ਵਰਗੇ ਗੀਤ ਨਾਲ ਸੂਬੇ ਦੀ ਅਮਨ-ਸ਼ਾਂਤੀ ਭੰਗ ਹੋ ਸਕਦੀ ਹੈ। ਭਾਜਪਾ ਆਗੂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗੀਤ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ ਅਤੇ ਇਸ ਗੀਤ ਨੂੰ ਸਾਰੇ ਡਿਜੀਟਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਤੁਰੰਤ ਹਟਾਇਆ ਜਾਵੇ। ਉਨ੍ਹਾਂ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਅਜਿਹੀ ਸਮੱਗਰੀ ਨੂੰ ਰੋਕਣ ਲਈ ਡਿਜੀਟਲ ਪਲੇਟਫਾਰਮਾਂ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰਨ, ਤਾਂ ਜੋ ਨੌਜਵਾਨਾਂ ਨੂੰ ਹਿੰਸਾ ਤੋਂ ਦੂਰ ਰੱਖਿਆ ਜਾ ਸਕੇ। ਦੱਸ ਦੇਈਏ ਕਿ ਇਹ ਗੀਤ 6 ਫਰਵਰੀ ਨੂੰ ਰਿਲੀਜ਼ ਹੋਇਆ ਸੀ।

By Gurpreet Singh

Leave a Reply

Your email address will not be published. Required fields are marked *