ਪੰਜਾਬ ਦੇ ਨੈਸ਼ਨਲ ਹਾਈਵੇ ’ਤੇ ਵੱਡਾ ਹਾਦਸਾ, ਵਾਹਨਾਂ ਦੀ ਜ਼ੋਰਦਾਰ ਟੱਕਰ ’ਚ ਪਤੀ-ਪਤਨੀ ਹਲਾਕ

ਨੈਸ਼ਨਲ ਟਾਈਮਜ਼ ਬਿਊਰੋ :- ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ’ਤੇ ਵਾਹਨਾਂ ਦੀ ਹੋਈ ਤ੍ਰਿਕੋਣੀ ਟੱਕਰ ’ਚ ਪਤੀ-ਪਤਨੀ ਦੀ ਮੌਤ ਅਤੇ ਦੋ ਹੋਰਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਨਿਸ਼ਾਨ ਸਿੰਘ ਪੁੱਤਰ ਚੈਂਚਲ ਸਿੰਘ ਵਾਸੀ ਪਿੰਡ ਖਾਨ ਪਿਆਰਾ ਆਪਣੀ ਪਤਨੀ ਦਲਜੀਤ ਕੌਰ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ। ਇਸੇ ਦੌਰਾਨ ਮੱਖਣ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਧਾਰੀਵਾਲ ਭੋਜਾ ਆਪਣੀ ਪਤਨੀ ਲਖਵਿੰਦਰ ਕੌਰ ਨਾਲ ਕਾਰ ’ਚ ਸਵਾਰ ਹੋ ਕੇ ਆ ਰਿਹਾ ਸੀ। ਜਦੋਂ ਇਹ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇਅ ’ਤੇ ਸਥਿਤ ਸਤਕੋਹਾ ਮੋੜ ਨੇੜੇ ਪਹੁੰਚੇ ਤਾਂ ਇਨ੍ਹਾਂ ਵਾਹਨਾਂ ਦੀ ਇਕ ਬੱਸ ਨਾਲ ਜ਼ੋਰਦਾਰ ਟੱਕਰ ਹੋ ਗਈ।

ਇਸ ਹਾਦਸੇ ’ਚ ਸਕੂਟਰੀ ਸਵਾਰ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ, ਜਦੋਂ ਕਿ ਕਾਰ ਸਵਾਰਾਂ ਨੂੰ ਵੀ ਸੱਟਾਂ ਲੱਗੀਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਦਲਬੀਰ ਸਿੰਘ ਅਤੇ ਕਾਂਸਟੇਬਲ ਆਦਿੱਤਿਆ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਚਾਰਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ। ਉੱਥੇ ਡਾਕਟਰਾਂ ਨੇ ਦਲਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਨਿਸ਼ਾਨ ਸਿੰਘ ਦੀ ਅੰਮ੍ਰਿਤਸਰ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ।

ਪੁਲਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਏ. ਐੱਸ. ਆਈ. ਸਤਵਿੰਦਰ ਸਿੰਘ ਨੇ ਦੱਸਿਆ ਕਿ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪੁਲਸ ਵੱਲੋਂ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

By Gurpreet Singh

Leave a Reply

Your email address will not be published. Required fields are marked *